ਗੜ੍ਹਸ਼ੰਕਰ: ਗੜ੍ਹਸ਼ੰਕਰ ਦੀ ਤਹਿਸੀਲ ਕੰਪਲੈਕਸ ਵਿੱਚ ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਟੀਮ ਵੱਲੋਂ ਇੱਥੇ ਕੰਮ ਕਰਦੇ ਲੋਕਾਂ ਦੇ ਟੈਸਟ ਤਾਂ ਲਏ ਜਾ ਰਹੇ ਹਨ, ਪਰ ਤਹਿਸੀਲ ਕੰਪਲੈਕਸ ਦੇ ਵਿੱਚ ਲੱਗੀ ਹੋਈ ਸੈਨੇਟਾਈਜ਼ਰ ਮਸ਼ੀਨ ਬੰਦ ਪਈ ਹੈ ਜਿਸ ਦੇ ਕਾਰਨ ਲੋਕਾਂ ਨੂੰ ਸਮੱਸਿਆ ਵੀ ਆ ਰਹੀ ਹੈ।
ਤਹਿਸੀਲਦਾਰ ਲਖਵਿੰਦਰ ਸਿੰਘ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਕੋਰੋਨਾ ਵਾਇਰਸ ਦੇ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਕਿ ਕੋਰੋਨਾ ਤੋਂ ਬਚਿਆ ਜਾ ਸਕੇ। ਪਰ ਜਦੋਂ ਤਹਿਸੀਲ ਕੰਪਲੈਕਸ ਵਿੱਚ ਲੱਗੀ ਹੋਈ ਸੈਨੇਟਾਈਜ਼ਰ ਮਸ਼ੀਨ ਬੰਦ ਹੋਣ ਦੀ ਗੱਲ ਕਹੀ ਤਾਂ ਉੁਨ੍ਹਾਂ ਇਸ ਨੂੰ ਠੀਕ ਕਰਵਾਉਣ ਦਾ ਵਿਸ਼ਵਾਸ ਦਿੱਤਾ।
ਜ਼ਿਕਰੇਖਾਸ ਹੈ ਕਿ ਸੂਬੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਕੇਸਾਂ ਵਧ ਰਹੇ ਹਨ। ਪੰਜਾਬ ਸਰਕਾਰ ਨੇ ਸਿਹਤ ਵਿਭਾਗ ਨੂੰ ਕੋਰੋਨਾ ਵਾਇਰਸ ਦੀ ਟੈਸਟਿੰਗ ਅਤੇ ਵੈਕਸੀਨ ਲਗਾਉਣ ਵਿੱਚ ਲਗਾਤਾਰ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਕੋਰੋਨਾ ਵਾਇਰਸ ਨਾਲ ਨਜਿੱਠਿਆ ਜਾ ਸਕੇ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਲਗਾਤਾਰ ਕੋਰੋਨਾ ਵਾਇਰਸ ਦੇ ਨਾਲ ਲੜਨ ਲਈ ਸੈਨੀਟਾਈਜ਼ਰ ਅਤੇ ਮਾਸਕ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਇਹ ਜਾਗਰੂਕਤਾ ਅਭਿਆਨ ਸਿਰਫ਼ ਲੋਕਾਂ ਤੱਕ ਹੀ ਸੀਮਿਤ ਨਜ਼ਰ ਆ ਰਿਹਾ ਹੈ ਕਿਉਂਕਿ ਸਰਕਾਰੀ ਦਫਤਰਾਂ ਵਿੱਚ ਕੋਰੋਨਾ ਵਾਇਰਸ ਦੇ ਟੈਸਟਿੰਗ ਤਾਂ ਕੀਤੀ ਜਾ ਰਹੀ ਹੈ ਪਰ ਦਫ਼ਤਰਾਂ ਦੇ ਵਿੱਚ ਲੱਗੀਆਂ ਸੈਨੇਟਾਈਜ਼ਰ ਮਸ਼ੀਨਾਂ ਨਾ ਚੱਲਣ ਕਰਕੇ ਸਰਕਾਰ ਵੱਲੋਂ ਕੋਰੋਨਾ ਵਾਇਰਸ ਨਾਲ ਲੜਨ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ।