ਹੁਸ਼ਿਆਰਪੁਰ : ਗੜ੍ਹਸ਼ੰਕਰ ਨੰਗਲ ਰੋਡ ਉਤੇ ਸਥਿਤ ਪਿੰਡ ਗੜ੍ਹੀ ਮੰਟੋ ਦੇ ਨਜ਼ਦੀਕ ਸੜਕ ਦੀ ਮਾੜੀ ਹਾਲਤ ਕਾਰਨ ਸੜਕ ਦੇ ਵਿਚਕਾਰ ਟਰੱਕ ਖ਼ਰਾਬ ਹੋਣ ਕਾਰਨ ਤਕਰੀਬਨ 3 ਕਿਲੋਮੀਟਰ ਲੰਮਾ ਜਾਮ ਲੱਗ ਗਿਆ, ਪਰ ਸਰਕਾਰ ਅਤੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਮੌਕਾ ਦੇਖਣ ਨਹੀਂ ਆਇਆ। ਦਰਅਸਲ ਗੜ੍ਹਸ਼ੰਕਰ ਨੰਗਲ ਰੋਡ ਦੀ ਸੜਕ ਜਿਹੜੀ ਕਿ ਪਿੱਛਲੇ ਲੰਬੇ ਸਮੇਂ ਤੋਂ ਸਰਕਾਰ ਦੀ ਅਣਦੇਖੀ ਕਾਰਨ ਖਸਤਾ ਹਾਲਤ ਹੈ। ਇਸ ਸੜਕ ਦੀ ਤਰਸਯੋਗ ਹਾਲਤ ਬਣੀ ਹੋਈ ਹੈ। ਇਸ ਸੜਕ ਵਿੱਚ ਪਏ ਵੱਡੇ ਵੱਡੇ ਟੋਇਆਂ ਕਾਰਨ ਗੱਡੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਸੜਕੀ ਹਾਦਸਿਆਂ ਦਾ ਵੱਡਾ ਕਾਰਨ ਬਣ ਰਹੀ ਇਹ ਖਸਤਾ ਹਾਲਤ ਸੜਕ : ਉੱਥੇ ਹੀ ਇਸ ਸੜਕ ਦੀ ਖ਼ਸਤਾ ਹਾਲ ਹੋਣ ਕਾਰਨ ਸੜਕ ਹਾਦਸੇ ਵਾਪਰਦੇ ਹਨ ਤੇ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਗੜ੍ਹਸ਼ੰਕਰ ਨੰਗਲ ਰੋਡ ਸੜਕ ਜਿਹੜੀ ਅੱਜ ਹਾਦਸਿਆਂ ਦਾ ਗੜ੍ਹ ਬਣੀ ਹੋਈ ਹੈ, ਇਸ ਸੜਕ ਨੂੰ ਬਣਾਉਣ ਲਈ ਇੱਕ ਦਰਜਨ ਤੋਂ ਵੱਧ ਧਰਨੇ ਵੀ ਦਿੱਤੇ ਗਏ। ਉੱਧਰ ਦੂਜੇ ਪਾਸੇ ਸਰਕਾਰ ਦੇ ਨੁਮਾਇੰਦੇ ਵਲੋਂ ਸੜਕ ਦਾ ਬਣਾਉਣ ਲਈ ਨੀਂਹ ਪੱਥਰ ਵੀ ਰੱਖਿਆ ਗਿਆ ਪਰ ਜ਼ਮੀਨੀ ਪੱਧਰ ਉਤੇ ਸੜਕ ਦਾ ਕੰਮ ਨਾਮਾਤਰ ਹੋਣ ਕਾਰਨ ਅੱਜ ਵੀ ਇਹ ਸੜਕ ਲੋਕਾਂ ਲਈ ਨਰਕ ਬਣੀ ਹੋਈ ਹੈ।
ਸੜਕ ਦਾ ਨੀਂਹ ਪੱਥਰ ਰੱਖ ਗਏ ਪਰ ਮੁਰੰਮਤ ਨਾਮਾਰਤ : ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸੜਕ ਦਾ ਨੀਂਹ ਪੱਥਰ ਕਈ ਸਮਾਂ ਪਹਿਲਾਂ ਸਰਕਾਰੀ ਨੁਮਾਇੰਦਿਆਂ ਵੱਲੋਂ ਰੱਖਿਆ ਗਿਆ ਸੀ, ਪਰ ਅਫਸੋਸ ਇਸ ਗੱਲ ਦਾ ਹੈ ਕਿ ਨੀਂਹ ਪੱਥਰ ਰੱਖਣ ਦੇ ਬਾਵਜੂਦ ਵੀ ਇਸ ਸੜਕ ਦੀ ਮੁਰੰਮਤ ਹਾਲੇ ਤਕ ਨਹੀਂ ਹੋਈ। ਉਨ੍ਹਾਂ ਕਿਹਾ ਕਿ ਵੋਟਾਂ ਸਮੇਂ ਲੋਕਾਂ ਨੂੰ ਭਰਮਾਉਣ ਲਈ ਨੀਂਹ ਪੱਥਰ ਤਾਂ ਰੱਖ ਦਿੱਤੇ ਜਾਂਦੇ ਹਨ, ਪਰ ਅਸਲ ਵਿੱਚ ਕੰਮ ਕੁਝ ਵੀ ਨਹੀਂ ਹੁੰਦਾ ਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ : Ludhiana Gas Leak: ਗਿਆਸਪੁਰਾ ਗੈਸ ਕਾਂਡ, ਹਾਈਡ੍ਰੋਜਨ ਸਲਫਾਈਡ ਗੈਸ ਵੱਧਣ ਕਾਰਨ ਵਾਪਰਿਆ ਹਾਦਸਾ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀਤੇ ਵੱਡੇ ਖੁਲਾਸੇ
ਇਲਾਕਾ ਵਾਸੀਆਂ ਵਿੱਚ ਸਰਕਾਰ ਖ਼ਿਲਾਫ਼ ਰੋਸ : ਸੜਕ ਦੀ ਮਾੜੀ ਹਾਲਤ ਨੂੰ ਲੈਕੇ ਲੋਕਾਂ ਵਿੱਚ ਸਰਕਾਰ ਖ਼ਿਲਾਫ਼ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਸੜਕਾਂ ਦੇ ਉਦਘਾਟਨ ਕਰਨ ਦੀ ਬਜਾਏ ਜ਼ਮੀਨੀ ਪੱਧਰ ਉਤੇ ਸੜਕ ਦੀ ਹਾਲਤ ਸੁਧਾਰੇ ਤਾਂ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸਰਕਾਰ ਸੜਕ ਬਣਾਉਣ ਦੇ ਵਿੱਚ ਅਸਮਰੱਥ ਹੈ ਤਾਂ ਸੜਕ ਦੇ ਵਿੱਚ ਟੋਇਆਂ ਨੂੰ ਹੀ ਭਰ ਦਿੱਤਾ ਜਾਵੇ।