ਹੁਸ਼ਿਆਰਪੁਰ: ਜ਼ਿਲ੍ਹੇ ਦੇ ਪਿੰਡ ਮੈਲੀ ਵਿਖੇ ਡੈਮ ਚ ਨਹਾਉਣ ਲਈ ਗਏ ਚਾਰ ਦੋਸਤ ਡੁੱਬ ਗਏ ਜਿਨ੍ਹਾਂ ਚੋਂ ਇੱਕ ਦੀ ਮੌਤ ਹੋ ਗਈ ਹੈ। ਜਦਕਿ ਤਿੰਨ ਦੀ ਜਾਨ ਬਚ ਗਈ। ਡੁੱਬਣ ਤੋਂ ਬਚ ਗਏ ਨੌਜਵਾਨਾਂ ਨੇ ਦੱਸਿਆ ਕਿ ਉਹ ਚਾਰੇ ਦੋਸਤ ਗੱਡੀ ਚ ਸਵਾਰ ਕੇ ਮੈਲੀ ਡੈਮ ’ਤੇ ਘੁੰਮਣ ਲਈ ਗਏ ਸੀ। ਥੋੜੀ ਦੇਰ ਉੱਥੇ ਠਹਿਰਨ ਤੋਂ ਬਾਅਦ ਉਹ ਚਾਰੇ ਡੈਮ ’ਚ ਨਹਾਉਣ ਲਈ ਚਲੇ ਗਏ ਤਿੰਨ ਦੋਸਤ ਤਾਂ ਵਾਪਿਸ ਆ ਗਏ ਪਰ ਉਨ੍ਹਾਂ ਦਾ ਇੱਕ ਦੋਸਤ ਪਾਣੀ ਚੋਂ ਬਾਹਰ ਨਹੀਂ ਆ ਸਕਿਆ। ਇਸ ਮਾਮਲੇ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਵਿੱਚ ਭਗਦੜ ਮਚ ਗਈ।
ਉੱਥੇ ਮੌਜੂਦ ਲੋਕਾਂ ਨੇ ਅਤੇ ਪਿੰਡ ਦੀ ਪੰਚਾਇਤ ਨੇ ਤੁਰੰਤ ਹੀ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਮਛੇਰਿਆਂ ਅਤੇ ਗੋਤਾਂਖੋਰਾਂ ਦੀ ਸਹਾਇਤਾ ਨਾਲ ਕਾਫੀ ਮਸ਼ੱਕਤ ਤੋਂ ਬਾਅਦ ਨੌਜਵਾਨ ਦੀ ਲਾਸ਼ ਮਿਲੀ। ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਲਿਆ। ਇਸ ਸਬੰਧੀ ਜਾਂਚ ਅਧਿਕਾਰੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਡੈਮ 'ਤੇ ਪਿੰਡ ਦੀ ਪੰਚਾਇਤ ਦੀ ਮਦਦ ਨਾਲ ਲੋਕਾਂ ਲਈ ਸ਼ਾਮ ਨੂੰ ਘੁੰਮਣਾ ਬੰਦ ਕੀਤਾ ਜਾਵੇਗਾ |
ਕਾਬਿਲੇਗੌਰ ਹੈ ਕਿ ਸ਼ਾਮ ਹੁੰਦੇ ਹੀ ਡੈਮ ’ਤੇ ਚੰਗੀ ਭੀੜ ਹੋ ਜਾਂਦੀ ਹੈ ਅਤੇ ਦੂਰੋਂ ਦੂਰੋਂ ਨੌਜਵਾਨ ਆ ਕੇ ਦੇਰ ਰਾਤ ਤੱਕ ਸ਼ੋਰ ਮਚਾਉਂਦੇ ਹਨ। ਪਿੰਡ ਵਾਸੀਆਂ ਅਤੇ ਆਮ ਲੋਕਾਂ ਨੇ ਕਈ ਵਾਰ ਇਸ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਪਰ ਪ੍ਰਸ਼ਾਸ਼ਨ ਕੁੰਭ ਕਰਨੀ ਨੀਂਦ ਸੁੱਤਾ ਰਿਹਾ ਜਿਸ ਦਾ ਖ਼ਮਿਆਜਾ ਇੱਕ ਪਰਿਵਾਰ ਨੂੰ ਭੁਗਤਣਾ ਪਿਆ|
ਇਹ ਵੀ ਪੜੋ: ਪੁੱਤ ਬਣਿਆ ਕਪੁੱਤ, ਪੁੱਤ-ਨੂੰਹ ਤੋਂ ਪਰੇਸ਼ਾਨ ਬਜ਼ੁਰਗ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ