ਹੁਸ਼ਿਆਰਪੁਰ : ਕਿਰਤੀ ਕਿਸਾਨ ਯੂਨੀਅਨ ਵੱਲੋਂ ਆਪਸੀ ਵਪਾਰ ਚਾਲੂ ਕਰਨ ਲਈ ਪੰਜਾਬ ਨਾਲ ਲੱਗਦੇ ਭਾਰਤ-ਪਾਕਿ ਸਰਹੱਦਾਂ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਹੀ ਹੁਸ਼ਿਆਰਪੁਰ ਦੇ ਪਿੰਡ ਡਾਨਸੀਵਾਲ ਵਿਖੇ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੂੰ ਇਹ ਸਰਹੱਦਾਂ ਖੋਲ੍ਹ ਦੇਣੀਆਂ ਚਾਹੀਦੀਆਂ ਹਨ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕਈ ਸਾਲ ਪਹਿਲਾਂ ਸਰਕਾਰ ਨੇ ਵਾਹਘਾ ਅਤੇ ਹੁਸੈਨੀਵਾਲਾ ਦੇ ਰਸਤੇ ਵਪਾਰ ਬੰਦ ਕਰ ਦਿੱਤਾ ਸੀ, ਪਰ ਮੋਦੀ ਸਰਕਾਰ ਆਪਣੇ ਕਾਰਪੋਰੇਟ ਮਿੱਤਰ ਅਡਾਨੀ-ਅੰਬਾਨੀ ਦੀਆਂ ਕੰਪਨੀਆਂ ਅਤੇ ਬੰਦਰਗਾਹਾਂ ਰਾਹੀਂ ਇਸ ਵਪਾਰ ਨੂੰ ਅੱਜ ਵੀ ਜਾਰੀ ਰੱਖਿਆ ਹੈ। ਜਿਸ ਦਾ ਲਾਭ ਕਿਸਾਨਾਂ ਅਤੇ ਆਮ ਲੋਕਾਂ ਦੇ ਬਜਾਏ ਕਾਰਪੋਰੇਟ ਘਰਾਣਿਆਂਂ ਨੂੰ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਨਾਲ ਜੁੜੀਆਂ ਸਰਹੱਦਾਂ ਰਾਹੀਂ ਵਪਾਰ ਦੀ ਇਜ਼ਾਜ਼ਤ ਮਿਲ ਜਾਵੇ ਤਾਂ ਪੰਜਾਬ ਵਿੱਚ ਤਰੱਕੀ ਹੋ ਜਾਵੇਗੀ ਤੇ ਆਰਥਿਕ ਪੱਖੋਂ ਵੀ ਮਜ਼ਬੂਤੀ ਹੋਵੇਗੀ।
ਸਾਜਿਸ਼ ਤਹਿਤ ਆਰਥਿਕਤਾ ਨੂੰ ਹੇਠਲੇ ਪੱਧਰ 'ਤੇ ਪਹੁੰਚਾਇਆ : ਅਗੁਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੀ ਆਰਥਿਕਤਾ ਨੂੰ ਡੇਗਣ ਲਈ ਇੱਕ ਗਿਣੀ ਮਿੱਥੀ ਸਾਜਿਸ਼ ਅਧੀਨ ਇਹ ਵਪਾਰ ਬੰਦ ਕੀਤਾ ਗਿਆ ਹੈ। ਜਿਸ ਵਿਰੁੱਧ ਪੰਜਾਬ ਪੱਧਰ 'ਤੇ ਵਿਸ਼ਾਲ ਰੂਪ ਵਿੱਚ ਲਾਮਬੰਦੀ ਕੀਤੀ ਜਾ ਰਹੀ ਹੈ। ਸਰਹੱਦਾਂ ਰਾਹੀਂ ਨਸ਼ੇ ਦੀ ਸਪਲਾਈ ਕਰਕੇ ਕੁੜਤਣ ਵਧਾਈ ਜਾ ਰਹੀ ਹੈ ਜੇਕਰ ਵਪਾਰ ਲਈ ਰਾਹ ਖੋਲ੍ਹੇ ਜਾਣ ਤਾਂ ਇਹ ਨਜਾਇਜ਼ ਕੰਮ ਵੀ ਬੰਦ ਹੋ ਜਾਣਗੇ ।
ਹੋਰਨਾਂ ਦੇਸ਼ਾਂ ਵਾਂਗ ਭਾਰਤ-ਪਾਕਿ ਵੀ ਕਰ ਸਕਦੈ ਵਾਪਰਿਕ ਸਮਝੌਤਾ : ਆਗੂਆਂ ਨੇ ਕਿਹਾ ਕਿ ਜਦੋਂ ਪੂਰੀ ਦੁਨੀਆਂ ਵਿੱਚ ਖਾਸ ਕਰਕੇ ਯੂਰਪ ਵਿੱਚ ਵੱਖ-ਵੱਖ ਦੇਸ਼ ਆਪਣੇ ਬਾਰਡਰ ਖੋਲ੍ਹ ਕੇ ਵਪਾਰ ਵਧਾ ਰਹੇ ਹਨ ਤਾਂ ਭਾਰਤ-ਪਾਕਿਸਤਾਨ ਨੂੰ ਵੀ ਵਪਾਰ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਸਾਰੇ ਦੇਸ਼ ਦਾ ਫਾਇਦਾ ਹੋ ਸਕੇ।