ਹੁਸ਼ਿਆਰਪੁਰ : ਪੰਜਾਬ ਵਿੱਚ ਮਾਈਨਿੰਗ ਮਾਫੀਆ ਬੇਖੌਫ ਹੋ ਕੇ ਬਰਸਾਤ ਦੇ ਦਿਨਾਂ ਵਿੱਚ ਵੀ ਸਰੇਆਮ ਮਾਈਨਿੰਗ ਕਰ ਰਿਹਾ ਹੈ। ਜਦੋਂਕਿ ਬਰਸਾਤਾਂ ਦੇ ਦਿਨਾਂ ਵਿੱਚ ਖੱਡਾਂ, ਦਰਿਆਂ ਸਵਾਂ ਦੇ ਇਲਾਕੇ ਤੋਂ ਮਾਈਨਿੰਗ ਨਹੀਂ ਕੀਤੀ ਜਾ ਸਕਦੀ। ਇਹ ਬਿਆਨ ਦਿੰਦਿਆਂ ਗੜਸ਼ੰਕਰ ਤੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਬੀਤੇ ਦਿਨੀਂ 20 ਜੁਲਾਈ ਨੂੰ ਥਾਣਾ ਨੰਗਲ ਵਿੱਚ ਦਰਜ ਨਕਲੀ ਪਰਚੀਆਂ ਦੇ ਮਾਮਲੇ ਵਿੱਚ ਮੁੱਖ ਸਾਜਿਸ਼ਕਰਤਾ ਬੀਤ ਇਲਾਕੇ ਦੇ ਪਿੰਡ ਪਿੱਪਲੀਵਾਲ ਦੀ ਮੌਜੂਦਾ ਮਹਿਲਾ ਸਰਪੰਚ ਦੇ ਪਤੀ ਸੰਜੇ ਕੁਮਾਰ ਪਿੱਪਲੀਵਾਲ ਨੇ ਹੋਰ ਸਾਥੀਆਂ ਨਾਲ ਮਿੱਲ ਕੇ ਸੈਂਕੜੇ ਨਕਲੀ ਪਰਚੀਆਂ ਤਿਆਰ ਕਰਵਾ ਕੇ ਸਰਕਾਰ ਨੂੰ ਕਰੀਬ ਪੰਜ ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲਗਾਇਆ ਹੈ।
ਵਿਦੇਸ਼ ਭੱਜਣ ਦੀ ਤਿਆਰੀ 'ਚ ਮੁਲਜ਼ਮ : ਉਨਾ ਮੰਗ ਕੀਤੀ ਕਿ ਸੰਜੇ ਕੁਮਾਰ ਅਤੇ ਹੋਰ ਮੁਲਜ਼ਮਾਂ ਨੂੰ ਤੁਰੰਤ ਤਫਤੀਸ਼ ਕਰਕੇ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਕਿਉਂਕਿ ਸੰਜੇ ਕੁਮਾਰ ਵਿਦੇਸ਼ ਭੱਜਣ ਦੀ ਤਿਆਰੀ ਕਰ ਰਿਹਾ ਹੈ। ਉਨਾਂ ਕਿਹਾ ਕਿ ਇਕ ਨਜਾਇਜ ਮਾਈਨਿੰਗ ਬੈਰੀਅਲ ਨੰਗਲ ਰੋੜ ਉੱਤੇ ਸ਼ਾਹਪੁਰ ਦੇ ਕੋਲ ਕਰੀਬ ਇੱਕ ਸਾਲ ਤੱਕ ਲੱਗਿਆ ਰਿਹਾ ਪਰ ਤਿੰਨ ਕਿਲੋਮੀਟਰ ਉੱਤੇ ਐੱਸਡੀਐੱਮ, ਡੀਐੱਸਪੀ, ਐੱਸਐੱਚਓ ਅਤੇ ਡਿਪਟੀ ਸਪੀਕਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ।
ਹੜ੍ਹਾਂ ਲਈ ਸਰਕਾਰ ਜਿੰਮੇਵਾਰ : ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿੱਛਲੇ ਦਿਨੀ ਆਏ ਹੜ੍ਹਾਂ ਲਈ ਸੂਬਾ ਸਰਕਾਰ ਜਿੰਮੇਵਾਰ ਹੈ। ਕਿਉਂਕਿ ਸਰਕਾਰ ਨੇ ਬਰਸਾਤਾਂ ਤੋਂ ਪਹਿਲਾਂ ਖੱਡਾਂ, ਦਰਿਆ, ਨਾਲਿਆਂ ਦੀ ਸਫਾਈ ਨਹੀਂ ਕਰਵਾਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਨ ਮਾਨ ਝੂਠ ਮੁਰਗੀਆਂ ਤੇ ਬੱਕਰੀਆਂ ਦਾ ਮੁਆਵਜਾ ਦੇਣ ਦੇ ਦਾਅਵੇ ਕਰਨ ਰਹੇ ਹਨ। ਇਹ ਸਾਰਾ ਝੂਠ ਹੈ। ਭਗਵੰਤ ਮਾਨ ਵੱਲੋਂ ਨਾ ਤਾ ਕਣਕ ਦਾ ਮੁਆਵਜਾ ਦਿੱਤਾ ਗਿਆ ਅਤੇ ਨਾ ਹੀ ਹੁਣ ਹੜਾਂ ਦੀ ਮਾਰ ਦਾ ਕੋਈ ਪੈਸਾ ਦਿੱਤਾ ਜਾ ਰਿਹਾ ਹੈ, ਹਾਲਾਂਕਿ ਕੇਂਦਰ ਸਰਕਾਰ ਨੇ 218 ਕਰੋੜ ਰੁਪਏ ਪੰਜਾਬ ਨੂੰ ਭੇਜੇ ਪਰ ਸਰਕਾਰ ਨੇ ਲੋਕਾਂ ਨੂੰ ਇੱਕ ਪੈਸਾ ਨਹੀਂ ਦਿੱਤਾ ਹੈ।
ਸਾਬਕਾ ਵਿਧਾਇਕ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਵੇਲੇ ਜੇ ਕੋਈ ਅਧਿਕਾਰੀ ਜਾਂ ਕਰਮਚਾਰੀ ਜਿਸ ਬਾਰੇ ਪਤਾ ਲੱਗਦਾ ਸੀ ਕਿ ਇਹ ਭ੍ਰਿਸ਼ਟ ਹੈ ਤਾ ਕਹਿੰਦੇ ਸੀ ਕਿ ਅਧਿਕਾਰੀ ਰਿਸ਼ਵਤ ਵਜੋਂ ਮਹੀਨਾ ਲੈ ਰਿਹਾ ਹੈ ਪਰ ਝਾੜੂ ਦੀ ਸਰਕਾਰ ਵੇਲੇ ਅਜਿਹਾ ਬਦਲਾਅ ਹੋਇਆ ਕਿ ਅਧਿਕਾਰੀ ਕਰਮਾਰੀ ਰੋਜ਼ਾਨਾਂ ਹੀ ਰਿਸ਼ਵਤ ਮਾਮਲੇ ਵਿੱਚ ਫੜੇ ਜਾ ਰਹੇ ਹਨ।