ਹੁਸ਼ਿਆਰਪੁਰ: ਕਿਸਾਨੀ ਅੰਦੋਲਨ ਨੂੰ ਪਿਕਨਿਕ ਦੱਸਣ ਵਾਲੇ ਭਾਜਪਾ ਆਗੂ ਤੀਕਸ਼ਣ ਸੂਦ ਦੀ ਕੋਠੀ ਵਿੱਚ ਗੋਹੇ ਦੀ ਟਰਾਲੀ ਲਾਹੁਣ ਵਾਲੇ ਮਾਮਲੇ ਵਿੱਚ ਹੁਸ਼ਿਆਰਪੁਰ ਪੁਲਿਸ ਵੱਲੋਂ ਦਰਜ ਕੀਤੇ ਕੇਸ ਨੂੰ ਰੱਦ ਕਰਵਾਉਣ ਨੂੰ ਲੈ ਕੇ ਇੱਕ ਵਫਦ ਦਲ ਖਾਲਸਾ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਗਵਾਈ ਹੇਠ ਐਸਐਸਪੀ ਨਵਜੋਤ ਸਿੰਘ ਮਾਹਲ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਤੁਰੰਤ ਇਸ ਪਰਚੇ ਨੂੰ ਰੱਦ ਕੀਤਾ ਜਾਵੇ। ਇਸ ’ਤੇ ਐਸਐਸਪੀ ਨੇ ਵਫਦ ਦੇ ਮੈਂਬਰਾਂ ਨੂੰ ਭਰੋਸਾ ਦਿੰਦੇ ਹੋਏ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜੋ 2 ਦਿਨਾਂ ਵਿੱਚ ਰਿਪੋਰਟ ਪੇਸ਼ ਕਰੇਗੀ, ਇਸ ਮਾਮਲੇ ਵਿੱਚ ਫੈਸਲਾ ਲਿਆ ਜਾਵੇਗਾ।
ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਪੁਲਿਸ ਵੱਲੋਂ ਗਲਤ ਮਾਮਲਾ ਦਰਜ ਕੀਤਾ ਗਿਆ ਹੈ, ਇਸ ਨੂੰ ਹਰ ਹਾਲਤ ਵਿੱਚ ਰੱਦ ਕਰਵਾਇਆ ਜਾਵੇਗਾ। ਜਾਣਕਾਰੀ ਮੁਤਾਬਕ ਪੁਲਿਸ ਨੇ ਪਹਿਲੇ ਦਿਨ ਜਿਹੜਾ ਮਾਮਲਾ ਦਰਜ ਕੀਤਾ ਸੀ ਉਸ ਵਿੱਚ ਜਿਸ ਵਿਅਕਤੀ ਨੂੰ ਮੁਲਜ਼ਮ ਬਣਾਇਆ ਗਿਆ ਸੀ ਉਹ ਘਟਨਾ ਵਾਲੇ ਦਿਨ ਮੌਕੇ ’ਤੇ ਮੌਜੂਦ ਹੀ ਨਹੀਂ ਸੀ। ਇਸ ਤਰ੍ਹਾਂ ਫਿਲਹਾਲ ਪੁਲਿਸ ਵੱਲੋਂ ਦਰਜ ਕੀਤਾ ਗਿਆ ਮਾਮਲਾ ਅਣਪਛਾਤੇ ਵਿਅਕਤੀਆਂ ’ਤੇ ਹੀ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋ ਪਹਿਲੇ ਦਿਨ ਦਰਜ ਕੀਤੇ ਗਏ ਮਾਮਲੇ ਵਿੱਚ ਲਗਾਈ ਗਈ ਧਾਰਾ 307 ਨੂੰ ਹਟਾ ਦਿੱਤਾ ਗਿਆ ਹੈ। ਤੀਕਸ਼ਣ ਸੂਦ ਤੇ ਉਸ ਦੇ ਸਾਥੀਆਂ ਦੇ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਇਸ ਮੌਕੇ ਵਫਦ ਵਿੱਚ ਸ਼ਾਮਲ ਸਰਪੰਚ ਗੁਰਦੀਪ ਸਿੰਘ ਖੁਣਖੁਣ ਤੇ ਗੁਰਨਾਮ ਸਿੰਘ ਸਿੰਗੜੀਵਾਲ ਨੇ ਕਿਹਾ ਕਿ ਤੀਕਸ਼ਣ ਸੂਦ ਨੇ ਕਿਸਾਨ ਅੰਦੋਲਨ ਨੂੰ ਪਿਕਨਿਕ ਦੱਸਕੇ ਪਹਿਲਾ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ। ਇਸ ਦੇ ਵਿਰੋਧ ਵਿੱਚ ਜਦੋਂ ਗੋਹਾ ਉਸ ਦੇ ਘਰ ਦੇ ਗੇਟ ਵਿੱਚ ਲਾਹਿਆ ਗਿਆ ਉਦੋਂ ਤੀਕਸ਼ਣ ਸੂਦ ਤੇ ਇਸ ਦੇ ਸਾਥੀਆਂ ਵੱਲੋਂ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ। ਇਸ ਲਈ ਸਾਡੀ ਪੁਲਿਸ ਕੋਲੋ ਮੰਗ ਹੈ ਕਿ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਤੇ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰਨ ਦੇ ਦੋਸ਼ ਤਹਿਤ ਤੀਕਸ਼ਣ ਸੂਦ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਪੁਲਿਸ ਜਲਦ ਤੋਂ ਜਲਦ ਮਾਮਲਾ ਦਰਜ ਕਰੇ।