ਹੁਸ਼ਿਆਰਪੁਰ: ਸ਼ਹਿਰ ਦੇ ਇਕ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਦੀ 24 ਸਾਲਾ ਪਤਨੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਬਣੇ ਰਿਹਾਇਸ਼ੀ ਕਮਰੇ 'ਚ ਫਾਹਾ ਲੈ ਕੇ ਖੁਦਕਸ਼ੀ ਕਰਨ ਦੀ ਮੰਦਭਾਗੀ ਖ਼ਬਰ ਮਿਲੀ ਹੈ।
ਇਸ ਸਬੰਧੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਐਤਵਾਰ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਆਨੰਦ ਕਾਰਜ ਹੋਣਾ ਸੀ ਜਿਸ ਦੀਆਂ ਤਿਆਰੀਆਂ 'ਚ ਹੈੱਡ ਗ੍ਰੰਥੀ ਬਿਸ਼ੰਬਰ ਸਿੰਘ ਜੁਟਿਆ ਹੋਇਆ ਸੀ। ਜਦੋਂ ਸਾਢੇ ਕੁ 9 ਵਜੇ ਉਹ ਆਪਣੇ ਕਮਰੇ 'ਚ ਗਿਆ ਤਾਂ ਉਸ ਦੀ ਪਤਨੀ ਇਕਵਿੰਦਰ ਕੌਰ (24) ਨੇ ਫਾਹਾ ਲਿਆ ਹੋਇਆ ਸੀ। ਉਸ ਨੂੰ ਤੁਰੰਤ ਹੇਠਾਂ ਉਤਾਰਿਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਮੌਕੇ ਦਾ ਮੁਆਇਨਾ ਕੀਤਾ ਤੇ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲਿਜਾਇਆ ਗਿਆ।
ਮ੍ਰਿਤਕਾ ਦੇ ਪਿਤਾ ਮਹਿੰਦਰ ਸਿੰਘ ਵਾਸੀ ਪਿੰਡ ਜਗਤਪੁਰ ਕਲਾਂ, ਨੌਸ਼ਹਿਰਾ ਪੱਤਣ ਜ਼ਿਲ੍ਹਾ ਗੁਰਦਾਸਪੁਰ ਨੇ ਦੱਸਿਆ ਕਿ ਉਸ ਦੀ ਪੁੱਤਰੀ ਇਕਵਿੰਦਰ ਕੌਰ ਦਾ ਵਿਆਹ ਹੈੱਡ ਗ੍ਰੰਥੀ ਭਾਈ ਬਿਸ਼ੰਬਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਡੋਗਰਾਂ ਸੁਭਾਨਪੁਰ ਰੋਡ ਕਪੂਰਥਲਾ ਨਾਲ ਕਰੀਬ ਢਾਈ ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦਾ ਡੇਢ ਸਾਲ ਦਾ ਇਕ ਪੁੱਤਰ ਵੀ ਹੈ।
ਬੀਤੇ ਕੁੱਝ ਦਿਨ ਪਹਿਲਾਂ ਬਿਸ਼ੰਬਰ ਸਿੰਘ ਪਤਨੀ ਨਾਲ ਆਪਣੇ ਪਿੰਡ ਕਿਸੇ ਸਮਾਗਮ 'ਚ ਸ਼ਾਮਿਲ ਹੋਣ ਲਈ ਗਿਆ ਸੀ। ਉੱਥੇ ਇਕਵਿੰਦਰ ਦਾ ਆਪਣੇ ਜੇਠ ਸੁਰਜੀਤ ਸਿੰਘ ਤੇ ਜੇਠਾਣੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਸੰਬੰਧੀ ਉਹ ਆਪਣੇ ਪਤੀ ਨੂੰ ਕੋਈ ਕਾਰਵਾਈ ਕਰਨ ਲਈ ਕਹਿੰਦੀ ਸੀ। ਇਸੇ ਪਰੇਸ਼ਾਨੀ 'ਚ ਹੀ ਉਸ ਨੇ ਹੁਸ਼ਿਆਰਪੁਰ ਪਰਤ ਕੇ ਫਾਹਾ ਲੈ ਲਿਆ।
ਇਹ ਵੀ ਪੜੋ: ਦਿੱਲੀ ਰਾਣੀ ਝਾਂਸੀ ਰੋਡ ਦੀ ਅਨਾਜ ਮੰਡੀ ਨੂੰ ਲੱਗੀ ਅੱਗ, 43 ਲੋਕਾਂ ਦੀ ਹੋਈ ਮੌਤ
ਇਸ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲਿਸ ਵੱਲੋਂ ਬਣਦੀ ਕਾਰਵਾਈ ਕਰਨ ਉਪਰੰਤ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਸੂਚਨਾ ਮਿਲਣ ‘ਤੇ ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰ ਵੀ ਮੌਕੇ ‘ਤੇ ਪੁੱਜ ਗਏ।