ਹੁਸ਼ਿਆਰਪੁਰ : ਬੀਤੀ 28 ਮਾਰਚ ਨੂੰ ਹੁਸ਼ਿਆਰਪੁਰ ਦੇ ਪਿੰਡ ਮਰਨਾਈਆਂ ਵਿੱਚ ਵਾਪਰੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੇ ਘਟਨਾਕ੍ਰਮ ਦੇ ਸਬੰਧ ਵਿੱਚ ਹੁਸ਼ਿਆਰਪੁਰ ਪੁਲਿਸ ਵਲੋਂ ਬੀਤੇ ਕੱਲ੍ਹ ਫਗਵਾੜਾ ਦੇ ਪਿੰਡ ਜਗਪਤਪੁਰ ਜੱਟਾਂ ਦੇ ਇਕ 55 ਸਾਲਾ ਵਿਅਕਤੀ ਨੂੰ ਸ਼ੱਕ ਦੇ ਆਧਾਰ ਉਤੇ ਹਿਰਾਸਤ ਚ ਲਿਆ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵਲੋਂ ਅੰਮ੍ਰਿਤਪਾਲ ਨਾਲ ਸਬੰਧ ਹੋਣ ਦੇ ਸ਼ੱਕ ਵਿੱਚ ਜਸਵਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਤੇ ਅੱਜ ਮਾਣਯੋਗ ਸਿਵਲ ਜੱਜ ਰਿੰਕੀ ਅਗਨੀਹੋਤਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਜਸਵਿੰਦਰ ਸਿੰਘ ਦੇ ਵਕੀਲ ਵਲੋਂ ਵੀ ਹਾਜ਼ਰ ਹੋ ਕੇ ਆਪਣਾ ਪੱਖ ਰੱਖਿਆ ਗਿਆ।
ਜਸਵਿੰਦਰ ਸਿੰਘ ਦਾ ਅੰਮ੍ਰਿਤਪਾਲ ਨਾਲ ਨਹੀਂ ਕੋਈ ਵਾਹ-ਵਾਸਤਾ : ਮਾਮਲੇ ਦੀ ਸੁਣਵਾਈ ਤੋਂ ਬਾਅਦ ਮਾਣਯੋਗ ਜੱਜ ਵਲੋਂ ਜਸਵਿੰਦਰ ਸਿੰਘ ਨੂੰ ਰਿਹਾਅ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਿਸ ਆਧਾਰ ਉਤੇ ਪੁਲਿਸ ਵਲੋਂ ਹਿਰਾਸਤ ਵਿੱਚ ਲਿਆ ਗਿਆ। ਇਹ ਉਨ੍ਹਾਂ ਨੂੰ ਵੀ ਨਹੀਂ ਪਤਾ, ਜਦਕਿ ਅੱਜ ਤੱਕ ਨਾ ਤਾਂ ਉਹ ਅੰਮ੍ਰਿਤਪਾਲ ਨੂੰ ਕਦੇ ਮਿਲੇ ਤੇ ਨਾ ਹੀ ਉਸ ਨਾਲ ਕੋਈ ਵਾਹ ਵਾਸਤਾ ਹੈ। ਉਨ੍ਹਾਂ ਦੱਸਿਆ ਕਿ ਉਹ ਕਰਿਆਨਾ ਸਟੋਰ ਚਲਾਉਂਦੇ ਹਨ ਤੇ ਉਨ੍ਹਾਂ ਦੀਆਂ 2 ਬੇਟੀਆਂ ਵਿਦੇਸ਼ ਵਿੱਚ ਹਨ। ਦੂਜੇ ਪਾਸੇ ਜਦੋਂ ਪੁਲਿਸ ਅਧਿਕਾਰੀ ਵਿਜੇ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੋਈ ਵੀ ਜਾਣਕਾਰੀ ਦੇਣ ਤੋਂ ਗੁਰੇਜ਼ ਕਰਦੇ ਰਹੇ ਤੇ ਕਿਹਾ ਕਿ ਇਹ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਹੇਠ ਹੈ।
ਇਹ ਵੀ ਪੜ੍ਹੋ : Statue of Sidhu Musewala: ਸਿੱਧੂ ਮੂਸੇਵਾਲਾ ਦਾ ਬੁੱਤ ਲੈ ਕੇ ਹਵੇਲੀ ਪਹੁੰਚਿਆ ਇਹ ਸਟੈਚੂ ਆਰਟਿਸਟ, ਮਾਪਿਆਂ ਦੀਆਂ ਅੱਖਾਂ ਹੋਈਆਂ ਨਮ
ਸਿਰਫ਼ ਸ਼ੱਕ ਦੇ ਆਧਾਰ ਉਤੇ ਹੀ ਇੰਨੇ ਦਿਨ ਰੱਖਿਆ ਹਿਰਾਸਤ ਵਿੱਚ : ਇਥੇ ਵਰਨਣਯੋਗ ਹੈ ਕਿ ਬੀਤੀ 18 ਮਾਰਚ ਤੋਂ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹੈ। ਹਾਲਾਂਕਿ ਪੁਲਿਸ ਵੱਲੋਂ ਉਸ ਦੀ ਭਾਲ ਲਈ ਥਾਂ-ਥਾਂ ਫਲੈਗ ਮਾਰਚ, ਸਰਚ ਮੁਹਿੰਮ ਚਲਾਈ ਜਾ ਰਹੀ ਹੈ, ਪਰ ਫਿਰ ਵੀ ਉਹ ਪੁਲਿਸ ਦੇ ਹੱਥ ਨਹੀਂ ਚੜ੍ਹਿਆ। ਇਸ ਦੇ ਉਲਟ ਪੁਲਿਸ ਨੇ ਸਿਰਫ਼ ਸ਼ੱਕ ਦੇ ਆਧਾਰ ਉਤੇ ਹੀ ਜਿਸ-ਜਿਸ ਵਿਅਕਤੀ ਦੇ ਅੰਮ੍ਰਿਤਪਾਲ ਸਿੰਘ ਨਾਲ ਸਬੰਧ ਹੋਣ ਦਾ ਸ਼ੱਕ ਸੀ, ਉਸ ਨੂੰ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਸਿੱਖ ਜਥੇਬੰਦੀਆਂ ਵੱਲੋਂ ਆਵਾਜ਼ ਵੀ ਚੁੱਕੀ ਗਈ, ਪਰ ਸਵਾਲ ਇਹ ਹੈ ਕਿ ਬਿਨਾਂ ਕਿਸੇ ਪੁਖਤਾ ਸਬੂਤ ਕਿਸੇ ਵੀ ਵਿਅਕਤੀ ਨੂੰ ਨਜ਼ਬੰਦ ਰੱਖਣਾ ਕਿੰਨਾ ਕੁ ਜਾਇਜ਼ ਹੈ। ਇਸ ਦੀ ਇਕ ਮਿਸਾਲ ਜਸਵਿੰਦਰ ਸਿੰਘ ਵੀ ਹੈ, ਜਿਸ ਨੂੰ ਅਦਾਲਤ ਨੇ ਕੋਈ ਵੀ ਸਬੂਤ ਨਾ ਹੋਣ, ਜੋ ਸਾਬਿਤ ਕਰ ਸਕੇ ਕਿ ਉਹ ਅੰਮ੍ਰਿਤਪਾਲ ਦਾ ਸਾਥੀ ਹੈ, 'ਤੇ ਬਰੀ ਕਰ ਦਿੱਤਾ ਗਿਆ। ਦੂਜੇ ਪਾਸੇ ਜਦੋਂ ਪੁਲਿਸ ਕੋਲੋਂ ਇਸ ਮਾਮਲੇ ਸਬੰਧੀ ਗੱਲ ਕੀਤੀ ਤਾਂ ਉਹ ਵੀ ਟਾਲਾ ਵੱਟਦੀ ਨਜ਼ਰ ਆਈ।