ਹੁਸ਼ਿਆਰਪੁਰ: ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸੈਸ਼ਨ ਚੌਕ ਵਿੱਚ ਸਥਿਤ ਬੱਸ ਕਿਊ ਸ਼ੈਲਟਰ ਦਾ ਉਦਘਾਟਨ ਕੀਤਾ। ਇਸ ਬਾਰੇ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ਼ਹਿਰ ਵਿੱਚ ਹਰ ਬੁਨਿਆਦੀ ਸੁਵਿਧਾ ਉਪਲਬਧ ਕਰਵਾ ਕੇ ਇਕ ਆਦਰਸ਼ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ, ਜਿਸ ਲਈ ਇਕ ਤੋਂ ਬਾਅਦ ਇਕ ਪ੍ਰਾਜੈਕਟ ਹੁਸ਼ਿਆਰਪੁਰ ਵਿੱਚ ਚਲਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਸਿਹਤਮੰਦ ਤੇ ਖੁਸ਼ਹਾਲ ਮਾਹੌਲ ਦੇਣ ਲਈ ਸਰਕਾਰ ਕੋਈ ਕਮੀ ਨਹੀਂ ਛੱਡ ਰਹੀ ਹੈ। ਕੈਬਿਨੇਟ ਮੰਤਰੀ ਅਰੋੜਾ ਨੇ ਕਿਹਾ ਕਿ ਇਸੇ ਕੜੀ ਤਹਿਤ ਇਲਾਕੇ ਵਿੱਚ ਬੱਸ ਕਿਊ ਸ਼ੈਲਟਰ ਆਮ ਜਨਤਾ ਲਈ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੱਸ ਕਿਊ ਸ਼ੈਲਟਰ ਦਾ ਨਿਰਮਾਣ ਇਸ ਲਈ ਕਰਵਾਇਆ ਜਾ ਰਿਹਾ ਹੈ, ਤਾਂ ਕਿ ਕਿਸੇ ਵੀ ਵਿਅਕਤੀ ਨੂੰ ਬੱਸ ਆਦਿ ਫੜਨ ਲਈ ਧੁੱਪ ਜਾਂ ਬਾਰਿਸ਼ ਵਿੱਚ ਖੜਾ ਨਾ ਹੋਣਾ ਪਵੇ।
ਕੈਬਿਨੇਟ ਮੰਤਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਨਾਲ ਰਾਜ ਦੇ 46 ਲੱਖ ਪਰਿਵਾਰਾਂ ਨੂੰ ਲਾਭ ਮਿਲ ਰਿਹਾ ਹੈ ਤੇ ਜ਼ਿਲ੍ਹੇ ਦੇ 2 ਲੱਖ 15 ਹਜ਼ਾਰ 632 ਪਰਿਵਾਰ ਇਸ ਸਕੀਮ ਤਹਿਤ 5 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਕਰਵਾ ਸਕਦੇ ਹਨ।