ਹੁਸ਼ਿਆਰਪੁਰ: ਪਿੰਡ ਮੋਰਾਵਾਲੀ ਦੀ ਕੋਰੋਨਾ ਪੀੜਤ ਮਹਿਲਾ ਦੇ ਠੀਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕੋਰੋਨਾ ਪੀੜਤ ਗੁਰਪ੍ਰੀਤ ਕੌਰ ਨੇ ਕੋਰੋਨਾ ਨੂੰ ਮਾਤ ਦੇ ਕੇ ਇਸ 'ਤੇ ਜਿੱਤ ਹਾਸਲ ਕੀਤੀ ਹੈ ਤੇ ਹੁਣ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਤੋਂ ਡਿਸਚਾਰਜ ਹੋ ਕੇ ਆਪਣੇ ਘਰ ਵਾਪਸ ਪਰਤ ਗਈ ਹੈ।
ਕੋਰੋਨਾ ਮਰੀਜ਼ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ 19 ਮਾਰਚ ਨੂੰ ਹਸਪਤਾਲ ਦੇ ਵਿੱਚ ਭਰਤੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵਿੱਚ ਖੰਘ ਸਾਹ ਲੈਣ 'ਚ ਦਿੱਕਤ ਆਦਿ ਦਾ ਕੋਈ ਲੱਛਣ ਨਹੀਂ ਸੀ ਜਿਸ ਤੋਂ ਪਤਾ ਲੱਗ ਸਕੇ।
ਗੁਰਪ੍ਰੀਤ ਕੌਰ ਨੇ ਹਸਪਤਾਲ ਦੇ ਸਮੁੱਚੇ ਡਾਕਟਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪੂਰੇ ਸਟਾਫ ਨੇ ਉਨ੍ਹਾਂ ਦੇ ਇਲਾਜ ਦੌਰਾਨ ਚੰਗੀ ਦੇਖ ਭਾਲ ਕੀਤੀ ਤੇ ਮਨੋਬੱਲ ਵਿੱਚ ਵੀ ਵਾਧਾ ਕੀਤਾ ਹੈ ਜਿਸ ਬਦੋਲਤ ਉਨ੍ਹਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਨੇ ਕੋਰੋਨਾ ਮਹਾਂਮਾਰੀ 'ਤੇ ਜਿੱਤ ਹਾਸਲ ਕੀਤੀ ਹੈ। ਗੁਰਪ੍ਰੀਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਘਰਾਂ ਵਿੱਚ ਰਹਿਣ ਤਾਂ ਇਸ ਬਿਮਾਰੀ ਤੋਂ ਬੱਚਿਆ ਜਾ ਸਕੇ।
ਸਿਵਲ ਸਰਜਨ ਡਾ. ਜਸਬੀਰ ਸਿੰਘ ਜ਼ਿਲ੍ਹੇ ਦੀ ਕੋਰੋਨਾ ਵਾਇਰਸ ਪੀੜਤਾਂ ਦੀ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਗੁਰਪ੍ਰੀਤ ਕੌਰ ਦੇ ਤੰਦਰੁਸਤ ਹੋਣ ਨਾਲ ਇਸ ਬਿਮਾਰੀ ਤੋਂ 5 ਵਿਅਕਤੀਆਂ ਨੇ ਕੋਰੋਨਾ 'ਤੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਹੁਸ਼ਿਆਰਪੁਰ ਹਸਪਤਾਲ ਦੇ ਵਿੱਚ ਸਿਰਫ਼ ਇੱਕ ਮਰੀਜ਼ ਹੀ ਜਿਸ ਦੇ ਟੈਸਟ ਕੀਤੇ ਜਾ ਰਹੇ ਹਨ। ਜਲਦ ਹੀ ਉਸ ਨੂੰ ਵੀ ਠੀਕ ਕਰ ਕੇ ਘਰ ਭੇਜਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਗੁਰਪ੍ਰੀਤ ਕੌਰ ਦੇ ਪਤੀ, ਮਾਂ, ਧੀ, ਤੇ ਮੁੰਡਾ ਵੀ ਕੋਰੋਨਾ ਪੀੜਤ ਸਨ ਜੋ ਕਿ ਗੁਰਪ੍ਰੀਤ ਤੋਂ ਪਹਿਲਾਂ ਹੀ ਠੀਕ ਹੋ ਕੇ ਘਰ ਜਾ ਚੁੱਕੇ ਹਨ। ਇਸ ਪੂਰੇ ਪਰਿਵਾਰਾ ਨੇ ਕੋਰੋਨਾ ਨੂੰ ਮਾਤ ਦੇ ਕੇ ਜਿੰਦਗੀ 'ਤੇ ਜਿੱਤ ਪ੍ਰਾਪਤ ਕੀਤੀ ਹੈ।