ਹੁਸ਼ਿਆਰਪੁਰ: ਪਿੰਡ ਸੇਖੋਵਾਲ ਵਿੱਚ 11 ਦਸੰਬਰ ਨੂੰ ਦਿਨ-ਦਿਹਾੜੇ ਘਰ ਵਿੱਚ ਦਾਖ਼ਲ ਹੋ ਕੇ ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸ਼ਹਿਰ ਦੇ ਬੰਗਾ ਚੌਕ ਵਿੱਚ ਤੀਜਾ ਰੋਸ ਧਰਨਾ ਲਾਇਆ।
ਅੱਜ ਧਰਨੇ ਦੌਰਾਨ ਅਕਾਲੀ ਆਗੂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਤੇ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਇੱਕ ਦੂਜੇ ਖ਼ਿਲਾਫ ਬਿਆਨਬਾਜ਼ੀ ਕੀਤੀ। ਇਸ ਮਾਗਰੋ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਅਕਾਲੀ ਤੇ ਕਾਂਗਰਸ ਵਰਕਰ ਆਪਸ ਵਿਚ ਭਿੜ ਗਏ ਤੇ ਉਨ੍ਹਾਂ ਵਿਚਕਾਰ ਧੱਕਾ ਮੁੱਕੀ ਹੋਈ ਪੁਲਿਸ ਅਧਿਕਾਰੀਆਂ ਦੇ ਭਰੋਸੇ ਮਗਰੋਂ ਧਰਨਾ ਸਮਾਪਤ ਕੀਤਾ ਗਿਆ।
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਸਮੇਤ ਤਹਿਸੀਲ ਦੇ ਵੱਖ-ਵੱਖ ਪਿੰਡਾਂ ਤੋਂ ਪੁੱਜੇ ਦੋ ਹਾਜ਼ਾਰ ਤੋਂ ਵੱਧ ਧਰਨਕਾਰੀਆਂ ਨੇ ਲਗਪਗ ਸਾਡੇ ਤਿੰਨ ਘੰਟੇ ਚੰਡੀਗੜ੍ਹ- ਹੁਸ਼ਿਆਰਪੁਰ ਮੁੱਖ ਮਾਰਗ 'ਤੇ ਆਵਾਜਾਈ ਠੱਪ ਰੱਖੀ। ਧਰਨੇ ਨੂੰ ਸੰਬੋਧਨ ਕਰਦਿਆਂ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਛੇ ਦਿਨਾਂ ਬਾਅਦ ਵੀ ਕਤਲ ਕਾਂਡ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣਾ ਕਾਂਗਰਸ ਸਰਕਾਰ ਦੇ ਮਾੜੇ ਪ੍ਰਸ਼ਾਸਨ ਦਾ ਸਬੂਤ ਹੈ।
ਉਨ੍ਹਾਂ ਕਿਹਾ ਕਿ ਦੋ ਸਾਲ ਤੋਂ ਚੱਲ ਰਹੀ ਦੋ ਗੁੱਟਾਂ ਦੀ ਰੰਜਿਸ਼ ਬਾਰੇ ਪਤਾ ਹੋਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀ ਕੀਤੀ ਅਤੇ ਇਕ ਨੌਜਵਾਨ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਇਸ ਮੌਕੇ ਅਕਾਲੀ ਆਗੂਆਂ ਨੇ ਕਾਂਗਰਸ ਖ਼ਿਲਾਫ਼ ਭੜਾਸ ਕੱਢੀ।
ਇਹ ਵੀ ਪੜੋ: ਨਾਗਰਿਕ ਸੋਧ ਕਾਨੂੰਨ: ਸੋਨੀਆਂ ਗਾਂਧੀ ਨੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ, BJP ਨੇ ਦਿੱਤਾ ਜਵਾਬ
ਧਰਨੇ ਮੌਕੇ ਸਥਿਤੀ ਉਦੋਂ ਤਣਾਅ ਅਤੇ ਟਕਰਾਅ ਵਾਲੀ ਬਣ ਗਈ ਜਦੋਂ ਕਾਂਗਰਸ ਦੀ ਬੁਲਾਰਾ ਨਿਮਿਸ਼ਾ ਮਹਿਤਾ ਆਪਣੇ ਸਮਰਥਕਾਂ ਸਮੇਤ ਧਰਨੇ ਵਾਲੀ ਥਾਂ 'ਤੇ ਪੁੱਜੀ ਅਤੇ ਇਸ ਕਤਲ ਕਾਂਡ ਦੇ ਸਾਰੇ ਮੁਲਜ਼ਮਾਂ ਦੀ ਤੁਰੰਤ ਗ੍ਰਿਫਤਾਰੀ ਮੰਗੀ। ਉਨ੍ਹਾਂ ਅਸਿੱਧੇ ਢੰਗ ਨਾਲ ਇਸ ਕਤਲ ਕਾਂਡ 'ਤੇ ਵਿਰੋਧੀ ਧਿਰ ਵੱਲੋਂ ਸਿਆਸਤ ਕਰਨ ਦਾ ਦੋਸ਼ ਲਾਇਆ। ਜਿਸ 'ਤੇ ਅਕਾਲੀ ਆਗੂ ਭੜਕ ਗਏ।