ਹੁਸ਼ਿਆਰਪੁਰ: ਬੀਤੇ ਦਿਨ ਹੁਸ਼ਿਆਰਪੁਰ ਦੇ ਲਾਜਵੰਡੀ ਆਊਟਡੋਰ ਸਟੇਡੀਅਮ ਵਿੱਚ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼ ਹੋਇਆ ਸੀ ਜਿਸ ਦਾ ਉਦਘਾਟਨ ਹੁਸ਼ਿਆਰਪੁਰ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਭਰਾ ਰਾਜੇਸ਼ਵਰ ਦਿਆਲ ਬੱਬੀ ਵਲੋਂ ਕੀਤਾ ਗਿਆ। ਜਦਕਿ ਮੰਤਰੀ ਦਾ ਭਰਾ ਨਾਂ ਤਾਂ ਵਿਧਾਇਕ ਹੈ ਤੇ ਨਾ ਹੀ ਕਿਸੇ ਹੋਰ ਸੰਵਿਧਾਨਿਕ ਅਹੁਦੇ 'ਤੇ ਹੀ ਤੈਨਾਤ ਹੈ, ਪਰੰਤੂ ਬਾਵਜੂਦ ਇਸ ਦੇ ਸੱਤਾ ਤੋਂ ਪਹਿਲਾਂ ਪਰਿਵਾਰਵਾਦ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਮੰਤਰੀ ਦੇ ਭਰਾ ਵਲੋਂ ਸਰਕਾਰੀ ਪ੍ਰੋਗਰਾਮ ਦਾ ਉਦਘਾਟਨ ਕਰਨਾ ਕਿੰਨਾ ਕੁ ਜਾਇਜ਼ ਹੈ।
ਇਸ ਤੋਂ ਵੱਡੀ ਗੱਲ ਮੌਕੇ ਤੇ ਮੌਜੂਦ ਪ੍ਰਸ਼ਾਸਨ ਤੇ ਆਲ੍ਹਾ ਅਧਿਕਾਰੀਆਂ ਵਲੋਂ ਵੀ ਮੰਤਰੀ ਦੇ ਭਰਾ ਦਾ ਪੂਰਾ ਖਿਆਲ ਰੱਖਦਿਆਂ ਹੋਇਆਂ ਵੀਵੀਆਈਪੀ ਸਵਾਗਤ ਕੀਤਾ ਗਿਆ ਤੇ ਮੈਦਾਨ ਵਿੱਚ ਆਉਂਦਿਆਂ ਸਾਰ ਹੀ ਫੁੱਲਾਂ ਦੇ ਹਾਰ ਪਾ ਕੇ ਅਤੇ ਗੁਲਦਸਤੇ ਦੇ ਕੇ ਮੰਤਰੀ ਦੇ ਭਰਾ ਨੂੰ ਫੁੱਲਾਂ ਨਾਲ ਲੱਦ ਦਿੱਤਾ। ਖੈਰ ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਆਪ ਦੀ ਜ਼ਿਲ੍ਹਾ ਪ੍ਰਧਾਨ ਮੈਡਮ ਕਰਮਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਤੇ ਜੇਕਰ ਅਜਿਹਾ ਹੋਇਆ ਹੈ ਤਾਂ ਉਹ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।
ਜਦੋਂ ਪਾਰਟੀ ਹਾਈਕਮਾਂਡ ਨੂੰ ਕਾਰਵਾਈ ਲਈ ਕਹਿਣ ਬਾਬਤ ਸਵਾਲ ਪੁਛਿਆ ਗਿਆ ਤਾਂ ਪ੍ਰਧਾਨ ਸਾਬ੍ਹ ਵਲੋਂ ਗੋਲ ਮੋਲ ਜਵਾਬ ਦੇ ਕੇ ਆਪਣਾ ਪੱਲਾ ਝਾੜ ਲਿਆ ਗਿਆ। ਦੂਜੇ ਪਾਸੇ ਭਾਜਪਾ ਵਲੋਂ ਮੰਤਰੀ ਦੇ ਭਰਾ ਦੇ ਇਸ ਰਵੱਈਏ ਅਤੇ ਅਧਿਕਾਰੀਆਂ ਵਲੋਂ ਦਿੱਤੇ ਵੀਵੀਆਈ ਟ੍ਰੀਟਮੈਂਟ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ ਤੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਕੁਝ ਹੋਰ ਕਹਿੰਦੀ ਸੀ ਤੇ ਹੁਣ ਆਪਣੀਆਂ ਸਾਰੀਆਂ ਗੱਲਾਂ ਦੇ ਉਲਟ ਚੱਲ ਰਹੀ ਹੈ।
ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਕਿਹਾ ਕਿ ਅਜਿਹਾ ਕਰਨਾ ਗ਼ਲਤ ਹੈ। ਆਮ ਆਦਮੀ ਪਾਰਟੀ ਕਹਿੰਦੀ ਕੁੱਝ ਹੈ, ਕਰਦੀ ਕੁੱਝ ਹੈ। ਪਹਿਲਾਂ ਆਦਰਸ਼ਵਾਦੀ ਗੱਲਾਂ ਕਰਕੇ ਸੱਤਾ ਵਿੱਚ ਆਏ ਹੋ, ਹੁਣ ਖੁਦ ਉਨ੍ਹਾਂ ਆਦਰਸ਼ਾਂ ਦੇ ਉਲਟ ਚੱਲ ਰਹੇ ਹਨ।
ਇਹ ਵੀ ਪੜ੍ਹੋ: ਬਣੀ ਸਹਿਮਤੀ ! ਡੱਲੇਵਾਲ ਦਾ ਮਰਨ ਵਰਤ ਖ਼ਤਮ, ਮੰਤਰੀ ਧਾਲੀਵਾਲ ਨੇ ਪਿਲਾਇਆ ਜੂਸ