ਹੁਸ਼ਿਆਰਪੁਰ: ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਲੈਕੇ ਸਿਆਸਤ ਭਖਦੀ ਜਾ ਰਹੀ ਹੈ। ਪਿਛਲੇ ਦਿਨਾਂ ਵਿੱਚ ਭ੍ਰਿਸ਼ਟਾਚਾਰ ਨੂੰ ਲੈਕੇ ਮਾਨ ਸਰਕਾਰ ਵੱਲੋਂ ਆਪਣੀ ਸਰਕਾਰ ਦੀ ਇੱਕ ਮੰਤਰੀ ਦੀ ਕੈਬਨਿਟ ਵਿੱਚੋਂ ਛੁੱਟੀ ਕੀਤੀ ਗਈ ਸੀ ਜਿਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਦਾ ਜ਼ਿਕਰ ਕੀਤਾ ਗਿਆ। ਇਸ ਤੋਂ ਬਾਅਦ ਲਗਾਤਾਰ ਕਾਂਗਰਸ ਦੇ ਵੱਡੇ ਆਗੂਆਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਲੀਡਰਾਂ ਦੇ ਨਾਮ ਦੱਸਣ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਤੋਂ ਬਾਅਦ ਪੰਜਾਬ ਲੋਕ ਕਾਂਗਰਸ ਦੇ ਆਗੂ ਦਾ ਬਿਆਨ ਸਾਹਮਣੇ ਆਇਆ ਸੀ ਕਿ ਜਲਦ ਕੈਪਟਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰ ਸਕਦੇ ਹਨ ਅਤੇ ਭ੍ਰਿਸ਼ਟ ਮੰਤਰੀਆਂ ਦੇ ਨਾਮਾਂ ਦੀ ਲਿਸਟ ਮੁੱਖ ਮੰਤਰੀ ਨੂੰ ਸੌਂਪ ਸਕਦੇ ਹਨ। ਇਸ ਮਸਲੇ ਨੂੰ ਲੈਕੇ ਆਪ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਵਿਧਾਇਕ ਗੜ੍ਹਸ਼ੰਕਰ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸਨ ਤਾਂ ਉਹ ਕਈ ਵਾਰ ਆਪਣੇ ਭ੍ਰਿਸ਼ਟ ਵਿਧਾਇਕਾਂ ਤੇ ਕਾਰਵਾਈ ਕਰਨ ਦਾ ਢੰਡੋਰਾ ਪਿੱਟਦੇ ਰਹੇ ਪਰ ਉਨ੍ਹਾਂ ਤੇ ਕਾਰਵਾਈ ਨਹੀਂ ਕੀਤੀ।
ਰੋੜੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਭ੍ਰਿਸ਼ਟ ਤੇ ਘੋਟਾਲੇ ਕਰਨ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਦੀ ਲਿਸਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣ ਉਹ ਉਨ੍ਹਾਂ ’ਤੇ ਜਲਦ ਕਾਰਵਾਈ ਕਰਨਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੜ੍ਹਸ਼ੰਕਰ ਲਈ ਲਗਭਗ ਡੇਢ ਕਰੋੜ ਰੁਪਏ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਪਲਬੱਧ ਕਰਵਾਇਆ ਗਈਆਂ ਹਨ।
ਇਹ ਵੀ ਪੜ੍ਹੋ: ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਕੇ ਕਾਤਲਾ ਨੂੰ ਦਿੱਤਾ ਸੱਦਾ: ਬੀਜੇਪੀ ਆਗੂ