ਹੁਸ਼ਿਆਰਪੁਰ: ਜੇ ਹੌਂਸਲੇ ਬੁਲੰਦ ਹੋਣ ਤਾਂ ਉਮਰ ਮਾਇਨੇ ਨਹੀਂ ਰੱਖਦੀ ਇਹ ਕਹਾਵਤ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੀ ਸੁਰਿੰਦਰ ਕੌਰ 'ਤੇ ਫਿੱਟ ਬੈਠਦੀ ਹੈ। ਜਿਸ ਦੀ ਉਮਰ ਤਾਂ 56 ਸਾਲ ਹੈ ਪਰ ਊਰਜਾ 18 ਸਾਲ ਵਾਲੀ। ਸੁਰਿੰਦਰ ਕੌਰ ਪੰਜਾਬ ਖੇਤੀਬਾੜੀ ਵਿਕਾਸ ਬੈਂਕ 'ਚ ਦਰਜਾ ਚਾਰ ਮੁਲਾਜ਼ਮ ਹੈ। ਇਸ ਦੇ ਨਾਲ ਹੀ ਉਹ ਦੌੜਾਕ ਹੈ ਤੇ ਹੁਣ ਤੱਕ ਕਈ ਗੋਲਡ, ਸਿਲਵਰ ਤੇ ਕਾਂਸੇ ਦੇ ਮੈਡਲ ਭਾਰਤ ਦੀ ਝੋਲੀ ਪਾ ਚੁੱਕੀ ਹੈ।
ਸੁਰਿੰਦਰ ਕੌਰ ਨੂੰ ਪੰਜਾਬ ਦੀ ਉੜਨ ਪਰੀ ਦਾ ਖਿਤਾਬ ਵੀ ਮਿਲ ਚੁੱਕਾ ਹੈ। 1992 ਚ ਸੁਰਿੰਦਰ ਕੌਰ ਨੇ ਹਲਕਾ ਦਸੂਹਾ 'ਚ ਹੋਈਆਂ ਵੈਟਰਨ ਐਥਲੀਟ ਖੇਡਾਂ 'ਚ ਭਾਗ ਲਿਆ ਅਤੇ ਉਸ ਵਿੱਚ ਗੋਲਡ ਮੈਡਲ ਹਾਸਲ ਕੀਤਾ ਇਸ ਤੋਂ ਬਾਅਦ ਉਸ ਨੇ ਫਿਰ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ। ਸੁਰਿੰਦਰ ਕੌਰ ਨੇ ਹੁਣ ਤੱਕ 174 ਮੈਡਲ ਜਿੱਤੇ ਅਤੇ ਏਸ਼ੀਅਨ ਗੇਮਜ਼ ਵਿੱਚ ਵੀ ਉਸ ਨੇ 13 ਮਾਡਲ ਭਾਰਤ ਦੀ ਝੋਲੀ ਪਾਏ। ਅਮਰੀਕਾ ਵਿੱਚ ਵੀ ਉਨ੍ਹਾਂ ਨੇ ਆਪਣੇ ਵਧੀਆ ਪ੍ਰਦਰਸ਼ਨ ਰਾਹੀਂ ਇੱਕ ਗੋਲਡ ਅਤੇ ਸਿਲਵਰ ਦਾ ਮੈਡਲ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ।
ਸੁਰਿੰਦਰ ਕੌਰ 20 ਜੁਲਾਈ 2020 'ਚ ਕੈਨੇਡਾ 'ਚ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਵਿੱਚ ਵੀ ਹਿੱਸਾ ਲੈਣਾ ਚਾਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਮਦਦ ਕਰੇ ਤਾਂ ਉਹ ਗੋਲਡ ਮੈਡਲ ਲਿਆ ਸਕਦੀ ਹੈ।
ਸੁਰਿੰਦਰ ਕੌਰ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੇ ਸਨ। 1980 ਦੇ ਵਿੱਚ ਵਿਆਹ ਤੋਂ ਬਾਅਦ ਉਨ੍ਹਾਂ ਆਪਣੇ ਪਤੀ ਨਾਲ ਮਜ਼ਦੂਰੀ ਵੀ ਕੀਤੀ। ਹੋਰਾਂ ਵਾਂਗ ਸੁਰਿੰਦਰ ਕੌਰ ਦੀ ਮੰਜ਼ਿਲ ਦਾ ਰਸਤਾ ਵੀ ਆਸਾਨ ਨਹੀਂ ਸੀ ਪਰ ਉਹ ਮੁਸ਼ਕਲਾਂ ਤੋਂ ਨਹੀਂ ਘਬਰਾਏ ਤੇ ਬਸ ਚੱਲਦੇ ਗਏ।