ਹੁਸ਼ਿਆਰਪੁਰ: ਟਾਂਡਾ ਪੁਲਿਸ ਨੇ ਪਿਸਤੌਲ ਦੀ ਨੋਕ 'ਤੇ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮ ਕਾਬੂ ਕਰ ਲਏ ਹਨ। ਗ੍ਰਿਫ਼ਤਾਰ ਹੋਏ ਮੁਲਜ਼ਮਾਂ ਤੋਂ ਪੁਲਿਸ ਨੂੰ 2 ਪਿਸਤੌਲ ਤੇ ਜਿੰਦਾ ਕਾਰਤੂਸ ਤੇ 5 ਮੋਬਾਇਲ ਫੋਨ ਬਰਾਮਦ ਹੋਏ ਹਨ।
ਇਸ ਮਾਮਲੇ ਦੀ ਵਿਸਥਾਰ ਪੁਰਵਕ ਜਾਣਕਾਰੀ ਦਿੰਦੇ ਹੋਏ ਐਸਪੀਡੀ ਰਮਿੰਦਰ ਸਿੰਘ ਨੇ ਦੱਸਿਆ ਕਿ ਸੁਖਜੀਤ ਸਿੰਘ ਉਰਫ਼ ਗੈਂਡਾ ਥਾਣਾ ਮੁਕੰਦਪੁਰ ਤੇ ਕੁਲਦੀਪ ਸਿੰਘ ਉਰਫ ਵੈਲਤੀਆ ਥਾਣਾ ਫਿਲੌਰ ਨਾਮੀ ਦੋ ਗੈਂਗਸਟਰਾਂ ਦੀ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ ਜਿਸ ਦੌਰਾਨ ਇਹ ਮੁਲਜ਼ਮ ਪੁਲਿਸ ਦਾ ਨਾਕਾ ਤੋੜ ਕੇ ਹੁਸ਼ਿਆਰਪੁਰ 'ਚ ਦਾਖਲ ਹੋਏ ਸੀ। ਇਸ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਹੁਸ਼ਿਆਰਪੁਰ ਦੇ ਐਸਐਸਪੀ ਗੌਰਵ ਗਰਗ ਦੇ ਨਿਰਦੇਸ਼ਾਂ ਮੁਤਾਬਕ ਡੀਐਸਪੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ।
ਇਸ ਗਠਿਤ ਵਿਸ਼ੇਸ਼ ਟੀਮ ਨੇ ਉਨ੍ਹਾਂ ਮੁਲਜ਼ਮਾਂ 'ਤੇ ਨਜ਼ਰਬੰਦੀ ਕੀਤੀ ਹੋਈ ਸੀ ਜਿਵੇਂ ਹੀ ਇਹ ਮੁਲਜ਼ਮ ਧੁੱਗਾ ਕਲਾਂ ਨੇੜੇ ਪੈਂਦੇ ਫੋਕਲ ਪੁਆਇੰਟ 'ਤੇ ਇੱਕ ਕਿਸਾਨ ਦੀ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਟੀਮ ਨੇ ਉਨ੍ਹਾਂ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਲਿਆ।
ਉਨ੍ਹਾਂ ਦੱਸਿਆ ਕਿ ਉਪਰੋਕਤ ਗੈਂਗਸਟਰਾਂ ਵੱਲੋਂ ਕੀਤੀ ਗਈ ਮੁੱਢਲੀ ਪੁੱਛਗਿਛ ਦੌਰਾਨ ਇਨ੍ਹਾਂ ਪਾਸੋਂ ਦੋ ਪਿਸਤੌਲ, ਜ਼ਿੰਦਾ ਕਾਰਤੂਸ ਅਤੇ 5 ਮੋਬਾਇਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਕੁਲਦੀਪ ਸਿੰਘ 'ਤੇ ਵੱਖ-ਵੱਖ ਜ਼ਿਲਿਆਂ ਦੇ 9 ਮੁਕੱਦਮੇ ਤੇ ਦੋਸ਼ੀ ਸੁਖਜੀਤ ਸਿੰਘ ਉਰਫ਼ ਗੈਂਡਾ 'ਤੇ 3 ਮਾਮਲੇ ਦਰਜ ਹਨ।
ਉਨਾਂ ਕਿਹਾ ਕਿ ਅਜੇ ਇਨ੍ਹਾਂ ਦੀ ਨਿਆਂਇਕ ਰਿਮਾਂਡ ਹਾਸਲ ਕਰਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਗੈਂਗ ਸਬੰਧੀ ਜਾਣਕਾਰੀ ਨੂੰ ਹਾਸਲ ਕੀਤਾ ਜਾ ਰਿਹਾ ਹੈ।