ਗੁਰਦਾਸਪੁਰ: ਹਾਲਾਂਕਿ ਵਿਧਾਨ ਸਭਾ ਚੋਣਾਂ 2022 ਹਨ ਅਤੇ ਹਾਲੇ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਰਸਮੀ ਤੌਰ 'ਤੇ ਕੋਈ ਉਮੀਦਵਾਰ ਨਹੀਂ ਐਲਾਨਿਆ ਪਰ ਅਕਾਲੀ ਨੇਤਾ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਇੱਕ-ਦੂਸਰੇ ਦੇ ਖਿਲਾਫ ਬਿਆਨਬਾਜ਼ੀ ਕਰਦੇ ਦਿਖਾਈ ਦੇ ਰਹੇ ਹਨ।
ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਚੋਣ ਮੈਦਾਨ 'ਚ ਉਤਰਨ ਨੂੰ ਲੈ ਕੇ ਅਕਾਲੀ ਨੇਤਾ ਨਿਰਮਲ ਸਿੰਘ ਕਾਹਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਨੇ ਵਿਧਾਨ ਸਭਾ ਚੋਣ ਲਈ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਤੇ ਉਨ੍ਹਾਂ ਦੇ ਬੇਟੇ ਰਵੀਕਰਨ ਸਿੰਘ ਕਾਹਲੋਂ ਨੂੰ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਟਿਕਟ ਦੇਣ ਦੀ ਗੱਲ ਆਖ ਕੇ ਚੋਣ ਪ੍ਰਚਾਰ ਅਤੇ ਚੋਣਾਂ ਦੀ ਤਿਆਰੀ ਕਰਨ ਲਈ ਆਖਿਆ ਹੈ।
ਹਲਕਾ ਬਟਾਲਾ ਤੋਂ ਮੌਜੂਦਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਵੱਲੋਂ ਅੱਜ ਅਕਾਲੀ ਦਲ ਪਾਰਟੀ ਦੇ ਵਰਕਰਾਂ ਨਾਲ ਕੀਤੀ ਇੱਕ ਮੀਟਿੰਗ ਦੇ ਦੌਰਾਨ ਇਹ ਦਾਅਵਾ ਕੀਤਾ ਕਿ ਅਕਾਲੀ ਦਲ ਪਾਰਟੀ ਨੂੰ ਪਿਛਲੀ ਚੋਣਾਂ 'ਚ ਵੀ ਆਪਸੀ ਫੁੱਟ ਦਾ ਨੁਕਸਾਨ ਹੋਇਆ ਸੀ ਅਤੇ ਇਸ ਵਾਰ ਵੀ ਅਕਾਲੀ ਦਲ ਦੀ ਆਪਸੀ ਫੁੱਟ ਕਾਰਨ ਅਕਾਲੀ ਦਲ ਵਰਕਰ ਨਾਰਾਜ਼ ਹਨ। ਇਸ ਲਈ ਉਨ੍ਹਾਂ ਆਖਿਆ ਕਿ ਹਲਕੇ ਫਤਹਿਗੜ੍ਹ ਚੂੜੀਆਂ ਦੇ ਅਕਾਲੀ ਦਲ ਸਥਾਨਕ ਨੇਤਾ ਚਾਹੰਦੇ ਹਨ ਕਿ ਉਹ ਇਸ ਹਲਕੇ ਤੋਂ ਚੋਣ ਲੜਨ।
ਲੋਧੀਨੰਗਲ ਨੇ ਕਿਹਾ ਕਿ ਦਾਅਵੇਦਾਰੀ ਪੇਸ਼ ਕੋਈ ਵੀ ਕਰ ਸਕਦਾ ਹੈ ਲੇਕਿਨ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਟਿਕਟ ਉਸ ਨੂੰ ਦੇਣ ਜੋ ਜੇਤੂ ਉਮੀਦਵਾਰ ਹੋਵੇ।