ਗੁਰਦਾਸਪੁਰ : ਪਟਿਆਲਾ ਵਿਖੇ 2 ਦਿਨ ਪਹਿਲਾਂ ਇੱਕ ਐੱਨਸੀਸੀ ਕੈਂਪ ਦੌਰਾਨ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ ਐੱਨਸੀਸੀ ਦੇ ਦੋ ਵਿਦਿਆਰਥੀ ਜ਼ਖ਼ਮੀ ਹੋ ਗਏ ਸਨ ਅਤੇ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਚੀਮਾ ਦੀ ਮੌਤ ਹੋ ਗਈ ਸੀ।
ਤੁਹਾਨੂੰ ਦੱਸ ਦਈਏ ਕਿ ਗੁਰਪ੍ਰੀਤ ਸਿੰਘ ਚੀਮਾ ਗੁਰਦਾਸਪੁਰ ਦੇ ਪਿੰਡ ਆਲੋਵਾਲ ਦੇ ਰਹਿਣ ਵਾਲੇ ਸਨ ਅਤੇ ਅੱਜ ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।
ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਦੀ ਬੇਟੀ ਨੇ ਆਪਣੀ ਪਿਤਾ ਦੀ ਇੱਛਾ ਪੂਰੀ ਕਰਦਿਆਂ ਅੱਜ ਹੀ ਫ਼ੌਜ ਵਿੱਚ ਆਹੁਦਾ ਸੰਭਾਲਿਆ, ਜਿਸ ਨੂੰ ਲੈ ਕੇ ਗੁਰਪ੍ਰੀਤ ਸਿੰਘ ਚੀਮਾ ਦੇ ਬੇਟੇ ਨੇ ਹੀ ਉਨ੍ਹਾਂ ਦੀ ਦੇਹ ਨੂੰ ਅਗਨੀ ਭੇਟ ਕੀਤੀ। ਇਸ ਮੌਕੇ ਵਿੰਗ ਕਮਾਂਡਰ ਦੇ ਬੇਟੇ ਭਵਗੁਰਨੀਤ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੇ ਪਿਤਾ ਤੇ ਮਾਣ ਹੈ।
ਸਰਕਾਰ ਉੱਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਿਖਲਾਈ ਦੇਣ ਵਾਲੇ ਸਰਕਾਰੀ ਜਹਾਜ਼ਾਂ ਦੀ ਹਾਲਤ ਬਹੁਤ ਮਾੜੀ ਹੈ ਜਿਸ ਕਾਰਨ ਪਹਿਲਾਂ ਵੀ ਕਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਲਈ ਪਾਇਲਟਾਂ ਨੂੰ ਮਾੜੇ ਜਹਾਜ਼ ਨਾ ਉਡਾਉਣ ਦਿੱਤੇ ਜਾਣ ਅਤੇ ਇੰਨ੍ਹਾਂ ਦੀ ਥਾਂ ਨਵੇਂ ਜਹਾਜ਼ਾਂ ਨੂੰ ਲਿਆਂਦਾ ਜਾਵੇ।
ਇਹ ਵੀ ਪੜ੍ਹੋ : ਪੁਲਵਾਮਾ ਸ਼ਹੀਦ ਮਨਿੰਦਰ ਸਿੰਘ ਦੇ ਭਰਾ ਨੂੰ ਅਰੁਣਾ ਚੋਧਰੀ ਨੇ ਸੌਂਪਿਆ ਨਿਯੁਕਤੀ ਪੱਤਰ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੰਗ ਕਮਾਂਡਰ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਚੀਮਾ ਨੇ ਡਿਊਟੀ ਦੌਰਾਨ ਐਨਸੀਸੀ ਵਿਦਿਆਰਥੀਆਂ ਨੂੰ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਭੇਜਿਆ ਹੈ। ਸਰਕਾਰ ਵਲੋਂ ਇਸ ਪਰਿਵਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ, ਨਾਲ ਹੀ ਉਹਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪਰਿਵਾਰ ਉੱਤੇ ਮਾਣ ਹੈ ਕਿ ਅੱਜ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਚੀਮਾ ਦਾ ਅੰਤਿਮ ਸੰਸਕਾਰ ਹੈ ਤੇ ਉਨ੍ਹਾਂ ਦੀ ਬੇਟੀ ਦੇਸ਼ ਦੀ ਖ਼ਾਤਰ ਅਤੇ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਨੇਵੀ ਵਿਚ ਅਹੁਦਾ ਸੰਭਾਲਣ ਜਾ ਰਹੀ ਹੈ।