ਗੁਰਦਾਸਪੁਰ : ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਅੱਜ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਗੁਰਦਾਸਪੁਰ ਵਿੱਚ ਪ੍ਰੈੱਸ ਵਾਰਤਾ ਕਰ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ।
ਇਸ ਮੌਕੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਚਾਰ ਸਾਲਾਂ ਦੌਰਾਨ ਪੰਜਾਬ ਦਾ ਬਹੁਤ ਜ਼ਿਆਦਾ ਵਿਕਾਸ ਦੇ ਕੰਮ ਹੋਏ ਹਨ। ਚਾਰ ਸਾਲਾਂ ਦੌਰਾਨ ਕਿਸਾਨਾਂ ਨੂੰ ਆਪਣੀ ਫਸਲ ਲਈ ਖੱਜਲ ਖ਼ਰਾਬ ਨਹੀਂ ਹੋਣਾ ਪਿਆ ਤੇ ਉਨ੍ਹਾਂ ਦੀ ਫਸਲ ਵਧੀਆ ਢੰਗ ਨਾਲ ਮੰਡੀਆਂ ਵਿੱਚੋਂ ਚੁੱਕੀ ਗਈ ਤੇ ਟਾਈਮ ਸਿਰ ਅਦਾਇਗੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਚਾਰ ਸਾਲਾਂ ਦੌਰਾਨ ਕਾਂਗਰਸ ਨੇ ਟਾਰਗੇਟ ਕਿਲਿੰਗ ਨੂੰ ਰੋਕਿਆ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਿਆ। ਸਰਕਾਰ ਨੇ ਕਿਸਾਨਾਂ ਦੇ ਕਰਜ਼ ਮਾਫ ਕੀਤੇ ਹਨ ਅਤੇ ਕੋਰੋਨਾ ਵਾਇਰਸ ਕਾਰਨ ਕੁਝ ਕਿਸਾਨ ਕਰਜ਼ ਮੁਆਫ਼ੀ ਤੋਂ ਵਾਂਝੇ ਰਹਿ ਗਏ ਹਨ ਉਨ੍ਹਾਂ ਦੇ ਕਰਜ਼ ਵੀ ਜਲਦ ਮੁਆਫ ਕੀਤੇ ਜਾਣਗੇ।
ਇਸ ਮੌਕੇ ਉਨ੍ਹਾਂ ਨਵਜੋਤ ਸਿੰਘ ਸਿੱਧੂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੋਈ ਮੀਟਿੰਗ 'ਤੇ ਬੋਲਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਕਾਂਗਰਸ ਦੇ ਨਾਲ ਸਨ ਅਤੇ ਅੱਜ ਵੀ ਨਾਲ ਹਨ ਉਨ੍ਹਾਂ ਨੂੰ ਲੈ ਕੇ ਹਾਈਕਮਾਨ ਜੋ ਫ਼ੈਸਲਾ ਲਵੇਗੀ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।
ਕੋਰੋਨਾ ਨੂੰ ਲੈ ਕੇੇ ਬਾਜਵਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਜਦੋਂ ਖੁਦ ਕੋਰੋਨਾ ਹੋਇਆ ਤਾਂ ਉਨ੍ਹਾਂ ਨੇ ਆਪਣਿਆਂ ਰੈਲੀਆਂ ਬੰਦ ਕਰ ਦਿਤੀਆਂ । ਉਨ੍ਹਾਂ ਸੰਕੇਤ ਦਿੱਤੇ ਕਿ ਜੇ ਲੋੜ ਪਈ ਤਾਂ ਕੋਰੋਨਾ ਮਾਮਲੇ 'ਚ ਹੋਰ ਵੀ ਸਖਤੀ ਕੀਤੀ ਜਾ ਸਕਦੀ ਹੈ। ਉਨਾਂ ਨਗਰ ਕੌਂਸਲਾਂ ਦੇ ਪ੍ਰਧਾਨਾਂ ਦੇ ਮਸਲੇ ਤੇੇ ਕਿਹਾ ਕਿ ਜਲਦ ਹੀ ਮੇਅਰ ਅਤੇ ਪ੍ਰਧਾਨ ਚੁਣ ਲਏ ਜਾਣਗੇ।