ਗੁਰਦਾਸਪੁਰ: ਬੀਜੇਪੀ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੂਰੇ ਦੇਸ਼ ਵਿੱਚ ਜਾਗਰੂਕਤਾ ਅਭਿਆਨ ਚਲਾਏ ਜਾ ਰਹੇ ਹਨ। ਇਸ ਦੇ ਚੱਲਦੇ ਭਾਜਪਾ ਦੇ ਦੇਸ਼ ਜਗਾਓ ਸੰਗਠਨ ਨੇ ਬਟਾਲਾ ਵਿੱਚ ਇੱਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ। ਜਿਸ ਵਿੱਚ ਭਾਜਪਾ ਦੇ ਬੁਲਾਰੇ ਡਾ. ਸੰਬਿਤ ਪਾਤਰਾ ਵਿਸ਼ੇਸ਼ ਤੌਰ ਤੇ ਪਹੁੰਚੇ।
ਯਾਤਰਾ ਕੱਢਣ ਤੋਂ ਪਹਿਲਾਂ ਬਟਾਲਾ ਦੀ ਪੁਰਾਣੀ ਦਾਣਾ ਮੰਡੀ ਵਿੱਚ ਰੈਲੀ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਹੋਏ। ਇਸ ਤੋਂ ਬਾਅਦ ਪੂਰੇ ਬਟਾਲਾ ਸ਼ਹਿਰ ਵਿੱਚੋਂ ਤਿਰੰਗਾ ਯਾਤਰਾ ਕੱਢਦੇ ਹੋਏ ਲੋਕਾਂ ਨੂੰ ਸੀਏਏ ਦੇ ਪੱਖ ਵਿੱਚ ਜਾਗਰੂਕ ਕੀਤਾ ਗਿਆ। ਇਸ ਤਿਰੰਗਾ ਯਾਤਰਾ ਦੇ ਦੌਰਾਨ 550 ਫੁੱਟ ਲੰਬਾ ਦੇਸ਼ ਦਾ ਕੌਮੀ ਝੰਡਾ ਤਿਰੰਗਾ ਖਿੱਚ ਦਾ ਕੇਂਦਰ ਸੀ।
ਇਸ ਯਾਤਰਾ ਦੇ ਦੌਰਾਨ ਸੰਬਿਤ ਪਾਤਰਾ ਨੇ ਕਿਹਾ ਕਿ ਸੀਏਏ ਰਾਸ਼ਟਰ ਹਿੱਤ 'ਚ ਹੈ ਅਤੇ ਇਸ ਐਕਟ ਨੂੰ ਲੈ ਕੇ ਕੁੱਝ ਰਾਜਨੀਤਕ ਵਿਰੋਧੀ ਪਾਰਟੀਆਂ ਵਿਰੋਧ ਕਰਵਾ ਕੇ ਰਾਜਨੀਤੀ ਖੇਡ ਰਹੀਆਂ ਹਨ। ਇਸ ਲਈ ਦੇਸ਼ ਦੀ ਜਨਤਾ ਨੂੰ ਇਸ ਐਕਟ ਪ੍ਰਤੀ ਜਾਗਰੂਕ ਕਰਨ ਲਈ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸੇ ਦਾ ਅਧਿਕਾਰ ਖੋਹਣ ਵਾਲਾ ਨਹੀਂ ਹੈ ਸਗੋਂ ਕਿਸੇ ਨੂੰ ਅਧਿਕਾਰ ਦੇਣ ਵਾਲਾ ਕਾਨੂੰਨ ਹੈ।
ਪਾਤਰਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਕਈ ਸਾਲ ਪਹਿਲਾਂ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਨੇ ਵੀ ਇਸ ਕਨੂੰਨ ਨੂੰ ਲਿਆਉਣ ਲਈ ਕਿਹਾ ਸੀ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਕਿਹਾ ਸੀ ਕਿ ਇਸ ਕਨੂੰਨ ਨੂੰ ਲਿਆਉਣਾ ਚਾਹੀਦਾ ਹੈ। ਪਾਤਰਾ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਉੱਤੇ ਤੰਜ ਕਸਦੇ ਹੋਏ ਆਖਿਆ ਕਿ ਡਾਕਟਰ ਮਨਮੋਹਨ ਸਿੰਘ ਅਤੇ ਲਾਲ ਕਿਸ਼ਨ ਆਡਵਾਣੀ ਦੇ ਦਿਲ ਵਿੱਚ ਦੇਸ਼ ਵੰਡੇ ਜਾਣ ਦਾ ਦਰਦ ਹੈ। ਇਸ ਲਈ ਉਹ ਵੀ ਇਸ ਕਨੂੰਨ ਨੂੰ ਲਿਆਉਣ ਦੇ ਪੱਖ ਵਿੱਚ ਸਨ ਪਰ ਸੋਨੀਆ ਗਾਂਧੀ ਤਾਂ ਇਟਲੀ ਤੋਂ ਆਈ ਹੈ ਉਨ੍ਹਾਂ ਦੇ ਦਿਲ ਵਿੱਚ ਵੰਡ ਦਾ ਦਰਦ ਨਹੀ ਹੋ ਸਕਦਾ। ਇਸ ਲਈ ਕਾਂਗਰਸ ਇਸ ਕਾਨੂੰਨ ਦੇ ਵਿਰੋਧ ਵਿੱਚ ਖੜ੍ਹੀ ਹੈ।