ਗੁਰਦਾਸਪੁਰ: ਸੂਬੇ ਦੇ ਵਿੱਚ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਬਟਾਲਾ ਦੀ ਗਿੱਲ ਕਾਲੋਨੀ ‘ਚ ਚੋਰਾਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਚੋਰਾਂ ਦੇ ਵੱਲੋਂ ਇੱਕ ਘਰ ਦੇ ਵਿੱਚੋਂ ਕਰੀਬ 18 ਤੋਲੇ ਸੋਨਾ ਅਤੇ ਨਗਦੀ ਚੋਰੀ ਕੀਤੀ ਗਈ ਹੈ। ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਚੋਰ ਮੌਕੇ ਤੋਂ ਫਰਾਰ ਹੋ ਗਏ। ਪੀੜਤ ਘਰ ਦੇ ਮਾਲਕ ਰਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਨ੍ਹਾਂ ਦੀ ਕੋਠੀ ‘ਚ ਚੋਰਾਂ ਵਲੋਂ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਪੀੜਤ ਦਾ ਕਹਿਣੈ ਕਿ ਉਸ ਦੀ ਭੈਣ ਦਾ ਵਿਆਹ ਹੈ ਅਤੇ ਘਰ ‘ਚ ਵਿਆਹ ਵਿੱਚ ਦੇਣ ਵਾਲਾ ਸੋਨਾ ਤਿਆਰ ਕੀਤਾ ਰੱਖਿਆ ਹੋਇਆ ਸੀ ਜੋ ਕਿ ਚੋਰ ਚੋਰੀ ਕਰਕੇ ਲੈ ਗਏ। ਉਨ੍ਹਾਂ ਨਾਲ ਹੀ ਦੱਸਿਆ ਕਿ ਕਰੀਬ 60 ਹਜਾਰ ਰੁਪਏ ਨਕਦੀ ਵੀ ਪਈ ਸੀ ਜੋ ਚੋਰ ਚੋਰੀ ਕਰਕੇ ਲੈ ਗਏ।
ਪੀੜਤ ਸ਼ਖ਼ਸ ਨੇ ਦੱਸਿਆ ਕਿ ਉਹ ਅਤੇ ਉਸਦੀ ਮਾਂ ਘਰ ‘ਚ ਇਕੱਲੇ ਸਨ ਅਤੇ ਜਦੋ ਉਨ੍ਹਾਂ ਸਵੇਰੇ ਉੱਠ ਕੇ ਦੇਖਿਆ ਤਾਂ ਘਰ ਦੇ ਦੂਸਰੇ ਕਮਰਿਆਂ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਮਾਨ ਖਿਲਰਿਆ ਪਿਆ ਸੀ। ਰਮਨ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਚੋਰੀ ਪਿੱਛੇ ਕਿਸੇ ਭੇਤੀ ਦਾ ਹੀ ਹੱਥ ਹੈ ਕਿਉਕਿ ਚੋਰਾਂ ਨੇ ਸੋਨੇ ਦੇ ਗਹਿਣੇ ਅਤੇ ਨਕਦੀ ਨੂੰ ਹੀ ਨਿਸ਼ਾਨਾ ਬਣਾਇਆ ਜਦਕਿ ਹੋਰ ਕਿਸੇ ਵੀ ਸਮਾਨ ਦੀ ਚੋਰੀ ਨਹੀਂ ਹੋਈ| ਪੀੜਤ ਪਰਿਵਾਰ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ।
ਉਧਰ ਇਸ ਮਾਮਲੇ ਸਬੰਧੀ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਲਾਈਨ ‘ਚ ਚੋਰੀ ਦੀ ਵਾਰਦਾਤ ਦੀ ਸੂਚਨਾ ਦਿੱਤੀ ਗਈ ਹੈ। ਇਸ ਮਸਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ |