ਗੁਰਦਾਸਪੁਰ: ਬੱਚਿਆਂ ਦੀ ਆਪਸੀ ਰੰਜਿਸ਼ ਨੂੰ ਲੈਕੇ ਗੁਰਦਾਸਪੁਰ ਦੇ ਮਿਸ਼ਨ ਕੰਪਾਊਂਡ ਵਿਖੇ ਸਥਿਤ ਇੱਕ ਘਰ ਵਿੱਚ ਦੇਰ ਰਾਤ ਕੁੱਝ ਹਥਿਆਰ ਬੰਦ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਤੇ ਭੰਨਤੋੜ ਵੀ ਕੀਤੀ। ਇਸ ਦੌਰਾਨ ਇੱਕ ਨੌਜਵਾਨ ਜਖਮੀ ਹੋ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਇਹ ਵੀ ਪੜੋ: ਕਾਬੁਲ ਹਵਾਈ ਅੱਡੇ ਦੇ ਬਾਹਰ ਹੋਇਆ ਧਮਾਕਾ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਬੱਚੀ ਨੇ ਦੱਸਿਆ ਕਿ ਉਸਦਾ ਕੁਝ ਨੌਜਵਾਨਾਂ ਦੇ ਨਾਲ ਝਗੜਾ ਹੋਇਆ ਸੀ, ਇਸੇ ਰੰਜਿਸ਼ ਨੂੰ ਲੈਕੇ ਉਨ੍ਹਾਂ ਨੌਜਵਾਨਾਂ ਨੇ ਪਹਿਲਾਂ ਉਸ ਨੂੰ ਘਰ ਤੋਂ ਬਾਹਰ ਆਉਣਾ ਲਈ ਕਿਹਾ ਜਦੋਂ ਉਸ ਨੇ ਮਨ੍ਹਾ ਕਰ ਦਿੱਤਾ ਤਾਂ ਹਥਿਆਰਬੰਦ ਨੌਜਵਾਨਾਂ ਨੇ ਉਸ ਦੇ ਘਰ ਉਪਰ ਹਮਲਾ ਕਰ ਭੰਨਤੋੜ ਕੀਤੀ ਅਤੇ ਉਸ ਦੀ ਬਾਂਹ ਦੇ ਉੱਪਰ ਹਥਿਆਰ ਦੇ ਨਾਲ ਸੱਟ ਲਗਾ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਸੰਬੰਧੀ ਪੀੜਤ ਬੱਚੇ ਦੀ ਮਾਤਾ ਨੇ ਵੀ ਕਿਹਾ ਕਿ ਇਹ ਨੌਜਵਾਨ ਪਹਿਲਾਂ ਵੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਫੋਨ ਦੇ ਉੱਪਰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਇਸ ਲਈ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਨੌਜਵਾਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਓਂਕਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਅਣਪਛਾਤੇ ਨੌਜਵਾਨਾਂ ਨੇ ਇੱਕ ਘਰ ਦੇ ਉੱਪਰ ਹਮਲਾ ਕੀਤਾ ਹੈ। ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲੈ ਕੇ ਪੀੜਤਾਂ ਦੇ ਬਿਆਨ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।