ਗੁਰਦਾਸਪੁਰ: ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਬਲਾਕ ਸੰਮਤੀ ਮੈਂਬਰ ਠਾਕਰ ਕੁਲਵੰਤ ਸਿੰਘ ਭੈਣੀ ਖਾਦਰ ਨੂੰ ਮੰਗਲਵਾਰ ਨੂੰ ਸਹਿਕਾਰੀ ਕਿਸਾਨ ਵਿਕਾਸ ਬੈਂਕ ਕਾਹਨੂੰਵਾਨ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਰਮਿੰਦਰ ਸਿੰਘ ਤੁਗਲਵਾਲ ਨੂੰ ਉਪ ਚੇਅਰਮੈਨ ਵਜੋਂ ਨਵਾਜਿਆ ਗਿਆ। ਉਨ੍ਹਾਂ ਦੀ ਇਸ ਤਾਜਪੋਸ਼ੀ ਮੌਕੇ ਹਲਕੇ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਉੱਚੇਚੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੋਵਾਂ ਆਗੂਆਂ ਨੇ ਪਾਰਟੀ ਦੀ ਬਹੁਤ ਸੇਵਾ ਕੀਤੀ ਹੈ। ਇਸ ਲਈ ਪਾਰਟੀ ਨੇ ਇਨ੍ਹਾਂ ਦੋਵਾਂ 'ਤੇ ਵਿਸ਼ਵਾਸ਼ ਕਰ ਇਨ੍ਹਾਂ ਨੂੰ ਇਹ ਅਹੁਦੇ ਦਿੱਤੇ ਹਨ।
ਇਸ ਮੌਕੇ ਫਤਿਹਜੰਗ ਸਿੰਘ ਬਾਜਵਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਰਟੀ ਦੇ ਵਫ਼ਾਦਾਰ ਤੇ ਅਣਥੱਕ ਵਰਕਰਾਂ ਅਤੇ ਆਗੂਆਂ ਨੂੰ ਪਾਰਟੀ ਹਮੇਸ਼ਾ ਹੀ ਇਹੋ ਜਿਹੇ ਅਹੁਦਿਆਂ ਨਾਲ ਨਵਾਜਦੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਠਾਕਰ ਕੁਲਵੰਤ ਸਿੰਘ ਤੋਂ ਇਲਾਵਾ ਪਰਮਿੰਦਰ ਸਿੰਘ ਬਸਰਾ ਨੂੰ ਉੱਪ ਚੇਅਰਮੈਨ ਵਜੋਂ ਸੇਵਾ ਦਿੱਤੀ ਗਈ ਹੈ ਅਤੇ ਲੋਕ ਸੇਵਾ ਵਿੱਚ ਨਿਪੁੰਨ ਅਤੇ ਕਾਂਗਰਸ ਪਾਰਟੀ ਦੇ ਟਕਸਾਲੀ ਲੋਕਾਂ ਨੂੰ ਡਾਇਰੈਕਟਰ ਵਜੋਂ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਤੋਂ ਇਲਾਵਾ ਡਾਇਰੈਕਟਰਾਂ ਵੱਜੋਂ ਈਸ਼ਰ ਸਿੰਘ ਕਾਹਨੂੰਵਾਨ, ਹਰਬੰਸ ਸਿੰਘ ਅਵਾਣ, ਸੁਰਿੰਦਰ ਕੌਰ ਮੁੰਨਣ ਕਲਾਂ, ਬਲਵਿੰਦਰ ਸਿੰਘ ਡੇਅਰੀਵਾਲ, ਰੁਲੀਆ ਰਾਮ ਰਾਜੂਬੇਲਾ, ਸਤਵਿੰਦਰ ਕੌਰ ਬਜਾੜ, ਸਰਵਣ ਸਿੰਘ ਲਾਧੂਪੁਰ ਨੂੰ ਇਸ ਬੈਂਕ ਦੀ ਚੁਣੀ ਹੋਈ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਮੌਕੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਨਿਯੁਕਤ ਹੋਏ ਕਾਂਗਰਸੀ ਆਗੂਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।
ਇਸ ਮੌਕੇ ਨਵ ਨਿਯੁਕਤ ਚੇਅਰਮੈਨ ਠਾਕਰ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਹਾਈਕਮਾਂਡ ਅਤੇ ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦਾ ਧੰਨਵਾਦ ਕਰਦੇ ਹਨ ਜੋ ਉਨ੍ਹਾਂ ਨੂੰ ਇਹ ਅਹੁਦੇ ਦਿੱਤੇ ਗਏ ਹਨ। ਉਹ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨਗੇ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਗੇ।