ਗੁਰਦਾਸਪੁਰ: ਲੋਕ ਸਭਾ ਮੈਂਬਰ ਸੰਨੀ ਦਿਓਲ ਨੇ ਬਟਾਲਾ 'ਚ ਐਮਐਲਏ ਲਖਬੀਰ ਸਿੰਘ ਲੋਧੀਨੰਗਲ ਦੇ ਦਫਤਰ 'ਚ ਹਲਕੇ ਦੇ ਅਕਾਲੀ ਸਰਪੰਚਾਂ, ਸਥਾਨਕ ਆਗੂਆਂ ਤੇ ਵਰਕਰਾਂ ਨਾਲ ਇਕ ਮੀਟਿੰਗ ਕੀਤੀ। ਹਰ ਵਾਰ ਦੀ ਤਰ੍ਹਾਂ ਸਾਂਸਦ ਸਨੀ ਦਿਓਲ ਨੇ ਆਪਣੇ ਵਲੋਂ ਹਲਕੇ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਕੁਝ ਵੀ ਦੱਸਣਾ ਠੀਕ ਨਹੀਂ ਸਮਝਿਆ ਅਤੇ ਉਹਨਾਂ ਪੱਕੇ ਤੌਰ 'ਤੇ ਰਟਿਆ ਰਟਾਇਆ ਉਹੀ ਆਖਿਆ ਕਿ ਮੇਰੇ ਨਾਲ ਜੁੜੋ, ਮੈ ਤੁਹਾਡੀਆਂ ਮੁਸ਼ਕਿਲਾਂ ਦੂਰ ਕਰਾਂਗਾ ਅਤੇ ਫ਼ਿਲਮੀ ਡਿਆਲਾਗ ਸੁਣਾ ਅਕਾਲੀ ਵਰਕਰਾਂ ਨੂੰ ਖੁਸ਼ ਕੀਤਾ।
ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਸਨੀ ਦਿਓਲ ਪਹਿਲੀ ਵਾਰ ਆਪਣੇ ਹਲਕੇ 'ਚ ਪਹੁੰਚੇ ਸਨ। ਉਨ੍ਹਾਂ ਦੇ ਇਸ ਪਹਿਲੇ ਦੌਰੇ ਤੋਂ ਸਥਾਨਕ ਲੋਕਾਂ ਨੂੰ ਕਾਫ਼ੀ ਉਮੀਦ ਸੀ ਪਰ ਸਨੀ ਆਏ ਤਾਂ ਜ਼ਰੂਰ ਪਰ ਸਾਂਸਦ ਦੇ ਤੌਰ ਤੇ ਕੋਈ ਵੀ ਐਲਾਨ ਜਾਂ ਵਾਅਦਾ ਨਹੀਂ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਨੀ ਦਿਓਲ ਨੇ ਆਖਿਆ ਕਿ ਉਹਨਾਂ ਨੂੰ ਸਭ ਨੇ ਪੂਰੀ ਮਿਹਨਤ ਕਰਕੇ ਜਿਤਾਇਆ ਹੈ ਅਤੇ ਉਹ ਧੰਨਵਾਦੀ ਹਨ। ਮੈਂ ਪੂਰੀ ਕੋਸ਼ਿਸ਼ ਕਰਾਂਗਾ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦੀ।
ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਉਹਨਾਂ ਨੂੰ ਇੰਤਜ਼ਾਰ ਸੀ ਕਿ ਕਦੋ ਸਨੀ ਦਿਓਲ ਆਉਣ ਕਿਉਕਿ ਉਹ ਚੋਣ ਪ੍ਰਚਾਰ 'ਚ ਵੀ ਉਹਨਾਂ ਦੇ ਹਲਕੇ ਚ ਸਮਾਂ ਨਹੀਂ ਦੇ ਪਾਏ ਸਨ ਅਤੇ ਜਿੱਤਣ ਤੋਂ ਬਾਅਦ ਉਹ ਆਏ ਹਨ। ਲੋਧੀਨੰਗਲ ਨੇ ਕਿਹਾ ਕਿ ਹਲਕੇ ਬਟਾਲਾ ਦੀਆਂ ਮੁਸ਼ਕਿਲ ਬਾਰੇ ਸਨੀ ਦਿਓਲ ਨੂੰ ਜਾਣਕਾਰੀ ਦਿਤੀ ਗਈ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਸਾਂਸਦ ਉਹਨਾਂ ਦੀਆ ਮੁਸ਼ਕਿਲਾਂ ਨੂੰ ਦੂਰ ਕਰਨਗੇ।