ਗੁਰਦਾਸਪੁਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ ਗੁਰਦਾਸਪੁਰ ਦੇ ਬਟਾਲਾ 'ਚ ਕਾਂਗਰਸੀ ਸਥਾਨਕ ਨੇਤਾਵਾਂ ਨਾਲ ਮੀਟਿੰਗ ਕਰਨ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਵੱਖ-ਵੱਖ ਮੁੱਦਿਆਂ ਦੇ ਜਵਾਬ ਦਿੱਤੇ।
ਕਰਤਾਰਪੁਰ ਲਾਂਘੇ ਨੂੰ ਲੈ ਕੇ ਜਾਖੜ ਨੇ ਕਿਹਾ ਕਿ ਚਾਹੇ ਭਾਰਤ ਹੋਵੇ ਜਾਂ ਪਾਕਿਸਤਾਨ ਦੋਵੇਂ ਮੁਲਕਾਂ 'ਚ ਕੱਟੜਵਾਦ ਅਤੇ ਅੱਤਵਾਦ ਨੂੰ ਬੜਾਵਾ ਦੇਣ ਵਾਲੇ ਲੋਕ ਬੈਠੇ ਹਨ ਤੇ ਉਹਨਾਂ ਦੀ ਵੱਖੋ-ਵੱਖਰੀ ਰਾਇ ਵੀ ਹੋ ਸਕਦੀ ਹੈ। ਪਰ ਇਸ ਦੇ ਨਾਲ ਹੀ ਇਸ ਸਭ ਦੇ ਚਲਦਿਆਂ ਜੋ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਮੀਟਿੰਗ ਹੋਈ ਹੈ ਉਹ ਇੱਕ ਅਮਨ ਸ਼ਾਂਤੀ ਦਾ ਸੰਦੇਸ਼ ਹੈ। ਉਥੇ ਹੀ ਉਹਨਾਂ ਕਿਹਾ ਕਿ ਸਰਕਾਰ ਨੇ ਦੋ ਸਾਲਾਂ 'ਚ ਪੰਜਾਬ 'ਚ ਅਮਨ ਸ਼ਾਂਤੀ ਕਾਇਮ ਕੀਤੀ ਹੈ ਅਤੇ ਜੰਗਲ ਰਾਜ ਖ਼ਤਮ ਕੀਤਾ ਹੈ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਇੱਕਜੁਟ ਹੈ ਪਾਰਟੀ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਅੰਦਰੂਨੀ ਕਲੇਸ਼ ਨਹੀਂ ਹੈ ਅਤੇ ਆਗਾਮੀ ਲੋਕ ਸਭਾ ਚੋਣਾਂ 'ਚ ਪਾਰਟੀ ਹੀ ਸਾਰੀਆਂ ਸੀਟਾਂ ਤੋਂ ਜਿੱਤ ਹਾਸਲ ਕਰੇਗੀ।
ਸੰਸਦ ਮੈਂਬਰ ਨੇ ਕਿਹਾ ਕਿ ਦੋ ਸਾਲਾਂ 'ਚ ਪੰਜਾਬ ਸਰਕਾਰ ਨੇ ਸਭ ਤੋਂ ਅਹਿਮ ਮੁੱਦੇ ਡਰ ਅਤੇ ਮਾਫ਼ੀਆ ਦੇ ਮਾਹੌਲ ਨੂੰ ਸਹੀ ਕੀਤਾ ਹੈ ਅਤੇ ਕਿਸਾਨਾਂ ਦੀ ਕਰਜ਼ ਮਾਫੀ ਸਣੇ ਨੌਜਵਾਨਾਂ ਨੂੰ ਰੁਜ਼ਗਾਰ ਆਦਿ ਕਾਫ਼ੀ ਕੰਮ ਕੀਤੇ ਹਨ।