ਗੁਰਦਾਸਪੁਰ: ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਬਹੁਤ ੜੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ। ਪਰ ਕਿਸੇ ਤਰ੍ਹਾਂ ਵੀ ਇਹ ਮੰਗ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ। ਐੱਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਂਝੇ ਤੌਰ ਉੱਤੇ ਦਸਤਖਤ ਮੁਹਿੰਮ ਚਲਾਈ ਗਈ ਹੈ। ਇਸੇ ਕੜੀ ਵਿੱਚ ਹਲਕਾ ਕਾਦੀਆਂ ਦੇ ਕਸਬਾ ਧਾਰੀਵਾਲ ਦੇ ਇਤਿਹਾਸਕ ਗੁਰਦਵਾਰਾ ਸ਼੍ਰੀ ਬੁਰਜ ਸਾਹਿਬ ਵਿਖੇ ਵੀ ਦਸਤਖਤ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਪੁਹੰਚ ਕੇ ਫਾਰਮ ਭਰੇ ਅਤੇ ਮੁਹਿੰਮ ਵਿੱਚ ਹਿੱਸਾ ਲਿਆ
ਰਾਜਪਾਲ ਨੂੰ ਸੌਂਪੇ ਜਾਣਗੇ ਫਾਰਮ: ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਖਾਸਤੌਰ ਉੱਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਹੁੰਚੇ ਸਨ। ਉਨ੍ਹਾਂ ਨਾਲ ਸ਼ਿਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਅਤੇ ਹਲਕਾ ਕਾਦੀਆਂ ਤੋਂ ਅਕਾਲੀ ਦਲ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਵੀ ਪਹੁੰਚੇ ਹੋਏ ਸਨ। ਜਾਣਕਾਰੀ ਦਿੰਦਿਆਂ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਮੁਹਿੰਮ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਮੁਹਿੰਮ ਤਹਿਤ ਪਿੰਡ-ਪਿੰਡ ਜਾ ਕੇ ਇਹ ਫਾਰਮ ਭਰੇ ਜਾ ਰਹੇ ਹਨ ਅਤੇ ਫਾਰਮ ਭਰਕੇ ਰਾਜਪਾਲ ਨੂੰ ਦਿੱਤੇ ਜਾਣਗੇ।
ਇਹ ਵੀ ਪੜ੍ਹੋ: cheap sand gravel: ਲੋਕਾਂ ਨੂੰ ਸਸਤੀ ਰੇਤਾ ਬਜਰੀ ਦੇਣ ਦਾ ਦਾਅਵਾ ਕਿੰਨਾ ਸੱਚ? ਕਾਰੋਬਾਰੀਆਂ ਨੇ ਖੋਲ੍ਹੀ ਸਰਕਾਰ ਦੇ ਫਰਮਾਨਾਂ ਦੀ ਪੋਲ
ਬੰਦੀ ਸਿੰਘਾਂ ਦੀ ਰਿਹਾਈ ਲਈ ਕੋਸ਼ਿਸ਼ਾਂ ਰਹਿਣਗੀਆਂ ਜਾਰੀ: ਧਾਮੀ ਨੇ ਕਿਹਾ ਕਿ ਇਸੇ ਸਿਲਸਿਲੇ ਵਿੱਚ ਉਹ ਇੱਥੇ ਆਏ ਹਨ ਅਤੇ ਸੰਗਤ ਵਲੋਂ ਹਜਾਰਾਂ ਦੀ ਗਿਣਤੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਵਕਾਲਤ ਕਰਦੇ ਫਾਰਮ ਭਰੇ ਗਏ ਹਨ। ਹਰਜਿੰਦਰ ਧਾਮੀ ਨੇ ਕਿਹਾ ਕਿ ਜੇਕਰ ਲੀਡਰਾਂ ਦੇ ਕਾਤਿਲ ਜਾਂ ਫਿਰ ਬਲਾਤਕਾਰੀ ਜੇਲ੍ਹ ਵਿੱਚੋਂ ਸਜਾ ਪੂਰੀ ਕਰਕੇ ਰਿਹਾਅ ਹੋ ਸਕਦੇ ਹਨ ਤਾਂ ਫਿਰ ਬੰਦੀ ਸਿੰਘਾਂ ਨੂੰ ਰਿਹਾਈ ਕਿਉਂ ਨਹੀਂ ਮਿਲ ਸਕਦੀ। ਬੰਦੀ ਸਿੰਘਾਂ ਨੇ ਤਾਂ ਆਪਣੀਆਂ ਸਜਾਵਾਂ ਵੀ ਪੂਰੀਆਂ ਕਰ ਲਈਆਂ ਹਨ।ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣਗੇ ਅਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਹਰਜਿੰਦਰ ਧਾਮੀ ਨੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਹਿੱਸਾ ਪਾਉਣ ਦੀ ਅਪੀਲ ਵੀ ਕੀਤੀ ਹੈ।