ਗੁਦਰਾਸਪੁਰ: 15-16 ਜੂਨ ਦੀ ਦਰਮਿਆਨੀ ਰਾਤ ਲੱਦਾਖ ਬਾਰਡਰ 'ਤੇ ਚੀਨੀ ਫੌਜ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਭੋਜਰਾਜ ਦੇ ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਦੇ ਭੋਗ ਸਮਾਰੋਹ ਦੌਰਾਨ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਇਸ ਦੌਰਾਨ ਭੰਗੂ ਪੈਲੇਸ ਮਸਤਕੋਟ ਵਿਖੇ ਵਿਰਾਗਮਈ ਕੀਰਤਨ ਅਤੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਨੀਤਕ ਲੀਡਰਾਂ, ਪ੍ਰਸ਼ਾਸਕੀ ਅਧਿਕਾਰੀਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਸਣੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਵੱਲੋਂ ਸ਼ਿਰਕਤ ਕਰ ਸ਼ਹੀਦ ਸਤਨਾਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ।
ਸਮਾਗਮ 'ਚ ਪਹੁੰਚੇ ਮੰਤਰੀ ਸੁਨਿਲ ਜਾਖੜ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੀਡੀਆ ਦੇ ਰੂਬਰੂ ਹੋਏ। ਸੁਨੀਲ ਜਾਖੜ ਨੇ ਕਿਹਾ ਕਿ ਸਰਹੱਦ 'ਤੇ ਮਰਨ ਵਾਲੇ ਉਹ ਹਰ ਇੱਕ ਫੌਜੀ ਨੂੰ ਸਲਾਮ ਕਰਦੇ ਹਨ ਜੋ ਦੇਸ਼ ਦੀ ਰਾਖੀ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ। ਸੁਨਿਲ ਜਾਖੜ ਨੇ ਇਹ ਵੀ ਕਿਹਾ ਕਿ ਸ਼ਹੀਦਾਂ ਦੀ ਸ਼ਹੀਦੀ ਦੀ ਕੋਈ ਕੀਮਤ ਨਹੀਂ ਹੁੰਦੀ ਅਤੇ ਨਾ ਹੀ ਸਰਕਾਰ ਵੱਲੋਂ ਐਨਾਲਿਆ ਮੁਆਵਜ਼ਾ ਉਨ੍ਹਾਂ ਦੇ ਪਰਿਵਾਰ ਦੇ ਦੁਖ਼ ਨੂੰ ਘੱਟ ਕਰ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦਾਂ ਦੀ ਸ਼ਹੀਦੀ ਦਾ ਅਸਲ ਮੁੱਲ ਉਦੋਂ ਹੀ ਪਵੇਗਾ ਜਦ ਸਰਹੱਦ ਦੇ ਸ਼ਾਂਤੀ ਹੋਵੇਗੀ।
ਉੱਥੇ ਹੀ ਸੁਨਿਲ ਜਾਖੜ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੂੰ ਲੋੜ ਹੈ ਕਿ ਉਹ ਦੁਸ਼ਮਨਾਂ ਨਾਲ ਆਪਣੇ ਵਿਵਾਦ ਖ਼ਤਮ ਕਰਨ ਅਤੇ ਉਨ੍ਹਾਂ ਦਾ ਸਾਹਮਣਾ ਚੰਗੀ ਤਰ੍ਹਾਂ ਕਰਨ, ਅਤੇ ਸਰਕਾਰ ਦੇ ਇਸ ਕੰਮ 'ਚ ਸਾਰਾ ਮੁਲਕ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।
ਸਮਾਗਮ 'ਚ ਪਹੁੰਚੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਾਇਬ ਸੂਬੇਦਾਰ ਸਤਨਾਮ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਐਲਾਨ ਕੀਤੇ ਗਏ ਪੰਜਾਹ ਲੱਖ ਰੁਪਏ ਵੀ ਸ਼ਹੀਦ ਪਰਿਵਾਰ ਨੂੰ ਦਿੱਤੇ ਜਾਣਗੇ ਅਤੇ ਨੌਕਰੀ ਵੀ ਦਿੱਤੀ ਜਾਵੇਗੀ। ਉੱਥੇ ਹੀ ਸ਼ਹੀਦ ਦੇ ਪਿੰਡ ਵਿੱਚ ਸ਼ਹੀਦ ਸਤਨਾਮ ਸਿੰਘ ਦੇ ਨਾਂਅ 'ਤੇ ਨਿਰਮਾਣ ਕੀਤੇ ਜਾਣ ਵਾਲੇ ਯਾਦਗਾਰੀ ਗੇਟ ਲਈ 10 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਗਈ।
ਦੱਸਣਯੋਗ ਹੈ ਸ਼ਹੀਦ ਨਾਇਬ ਸਤਨਾਮ ਸਿੰਘ ਉਨ੍ਹਾਂ 20 ਸ਼ਹੀਦਾਂ ਅਤੇ ਪੰਜਾਬ ਦੇ ਉਨ੍ਹਾਂ ਚਾਰ ਸ਼ਹੀਦਾਂ ਚੋਂ ਇੱਕ ਹੈ ਜੋ 15-16 ਜੂਨ ਦੀ ਦਰਮਿਆਨੀ ਰਾਤ ਚੀਨ ਨਾਲ ਹਿੰਸਕ ਝੜਪ 'ਚ ਸ਼ਹੀਦ ਹੋ ਗਏ ਸਨ। ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਪੂਰਾ ਦੇਸ਼ ਨਹੀਂ ਭੁਲਾ ਸਕਦਾ। ਇਸ ਲਈ ਲੋਕ ਇਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਯਾਦ ਰੱਖਣਾ ਚਾਹੁੰਦੇ ਹਨ। ਇਸ ਲਈ ਸੂਬੇ 'ਚ ਸ਼ਹੀਦਾਂ ਦੇ ਪਿੰਡ ਦੇ ਸਰਕਾਰੀ ਸਕੂਲਾਂ ਦਾ ਨਾਂਅ ਸ਼ਹੀਦਾਂ ਦੇ ਨਾਂਅ 'ਤੇ ਰੱਖੇ ਗਏ ਹਨ ਅਤੇ ਹੁਣ ਸ਼ਹੀਦ ਸਤਨਾਮ ਸਿੰਘ ਦੇ ਪਿੰਡ ਦੇ ਨੌਜਵਾਨਾਂ ਨੇ ਪਿੰਡ 'ਚ ਸ਼ਹੀਦ ਦੇ ਨਾਂਅ 'ਤੇ ਸਟੇਡੀਅਮ ਬਣਾਉਣ ਦੀ ਮੰਗ ਕੀਤੀ ਹੈ।