ਗੁਰਦਾਸਪੁਰ: ਚੀਨ ਦੀ ਫ਼ੌਜ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਨਾਇਬ ਸੂਬੇਦਾਰ ਸਤਨਾਮ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਭੋਜਰਾਜ ਵਿਖੇ ਪਹੁੰਚੀ। ਸ਼ਹੀਦ ਦੇ ਅੰਤਿਮ ਦਰਸ਼ਨਾਂ ਦੇ ਲਈ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚੇ। ਉਸ ਤੋਂ ਬਾਅਦ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸਸਕਾਰ ਕੀਤਾ ਗਿਆ।
ਦੱਸ ਦੇਈਏ ਲੱਦਾਖ ਦੀ ਗਲਵਾਨ ਘਾਟੀ ਵਿੱਚ ਸੋਮਵਾਰ ਰਾਤ ਨੂੰ ਭਾਰਤੀ ਫੌਜ ਦੇ ਜਵਾਨਾਂ ਦੀ ਚੀਨੀ ਫੌਜ ਦੇ ਜਵਾਨਾਂ ਨਾਲ ਹਿੰਸਕ ਝੜਪ ਹੋ ਗਈ ਸੀ। ਇਸ ਵਿੱਚ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗਏ ਹਨ, ਇਨ੍ਹਾਂ ਸ਼ਹੀਦ ਹੋਏ ਜਵਾਨਾਂ ਵਿੱਚੋਂ ਇੱਕ ਸਤਨਾਮ ਸਿੰਘ ਨਾਂਅ ਦਾ ਨੌਜਵਾਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੋਜਰਾਜ ਦਾ ਰਹਿਣ ਵਾਲਾ ਸੀ। ਸਤਨਾਮ ਸਿੰਘ ਭਾਰਤੀ ਫ਼ੌਜ ਵਿੱਚ ਨਾਇਬ ਸੂਬੇਦਾਰ ਵਜੋਂ ਲੱਦਾਖ ਵਿੱਚ ਤਾਇਨਾਤ ਸੀ।
ਸਤਨਾਮ ਸਿੰਘ ਆਪਣੇ ਪਿੱਛੇ ਪਤਨੀ ਜਸਵਿੰਦਰ ਕੌਰ, ਇਕ ਬੇਟੀ ਸੰਦੀਪ ਕੌਰ ਤੇ ਬੇਟਾ ਪ੍ਰਭਜੋਤ ਸਿੰਘ ਜੋ ਕਿ ਬਾਰ੍ਹਵੀਂ ਜਮਾਤ 'ਚ ਪੜ੍ਹਦੇ ਸਨ, ਨੂੰ ਛੱਡ ਗਏ ਹਨ।
ਇਹ ਵੀ ਪੜੋ: ਪੰਜਾਬ ਦੇ 4 ਜਵਾਨਾਂ ਨੇ ਪੀਤਾ ਸ਼ਹਾਦਤ ਦਾ ਜਾਮ
ਦੱਸ ਦੇਈਏ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਸੋਮਵਾਰ ਦੀ ਰਾਤ ਨੂੰ ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਹੋਈ ਝੜਪ ਵਿੱਚ ਪੰਜਾਬ ਦੇ ਚਾਰ ਸਪੂਤਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਇਹ ਚਾਰੋ ਸ਼ਹੀਦ ਜਵਾਨ ਪੰਜਾਬ ਦੇ ਸੰਗਰੂਰ, ਗੁਰਦਾਸਪੁਰ, ਪਟਿਆਲਾ ਅਤੇ ਮਾਨਸਾ ਨਾਲ ਸਬੰਧਤ ਹਨ।