ਗੁਰਦਾਸਪੁਰ : ਜੰਮੂ-ਕਸ਼ਮੀਰ ਦੇ ਪੁੰਛ 'ਚ ਸ਼ਹੀਦ ਹੋਏ 25 ਸਾਲਾ ਜਵਾਨ ਹਰਕ੍ਰਿਸ਼ਨ ਸਿੰਘ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਗੁਰਦਾਸਪੁਰ ਦੇ ਬਟਾਲਾ ਇਲਾਕੇ ਦੇ ਪਿੰਡ ਤਲਵੰਡੀ ਭਰਥ ਦੇ ਰਹਿਣ ਵਾਲੇ ਹਰਕ੍ਰਿਸ਼ਨ ਸਿੰਘ ਨੂੰ ਉਸ ਦੀ ਡੇਢ ਸਾਲ ਦੀ ਬੇਟੀ ਨੇ ਜਗਾਇਆ। ਦੂਜੇ ਪਾਸੇ ਗਰਭਵਤੀ ਪਤਨੀ ਦਲਜੀਤ ਕੌਰ ਨੇ ਗੋਡਿਆਂ 'ਤੇ ਸਿਰ ਝੁਕਾ ਕੇ ਪਤੀ ਨੂੰ ਅਲਵਿਦਾ ਕੀਤੀ।
ਫੌਜੀ ਸਨਮਾਨਾਂ ਨਾਲ ਸ਼ਹੀਦ ਨੂੰ ਵਿਦਾਇਗੀ : ਪਰਿਵਾਰ ਦੀ ਇਸ ਦੁੱਖ ਦੀ ਘੜੀ 'ਚ ਸਿਆਸੀ ਆਗੂਆਂ ਅਤੇ ਰਿਸ਼ਤੇਦਾਰਾਂ ਦੇ ਨਾਲ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਸ਼ਾਮਲ ਹੋਏ। ਸਾਰਿਆਂ ਦੀਆਂ ਅੱਖਾਂ ਨਮ ਸਨ ਜਦਕਿ ਪਤਨੀ ਅਤੇ ਫੌਜੀ ਜਵਾਨ ਹਰਕ੍ਰਿਸ਼ਨ ਸਿੰਘ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ ਅਤੇ ਫੌਜ ਦੀ ਟੁਕੜੀ ਵਲੋਂ ਸਲਾਮੀ ਦਿਤੀ ਗਈ। ਸਰਕਾਰੀ ਸਨਮਾਨਾਂ ਨਾਲ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ।
ਮੁੱਖ ਮੰਤਰੀ ਨੇ ਫੋਨ 'ਤੇ ਪਰਿਵਾਰ ਨੂੰ ਦਿਲਾਸਾ ਦਿੱਤਾ : ਇਸ ਦੌਰਾਨ ਸ਼ਹੀਦ ਦੀ ਮਾਤਾ ਅਤੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਸ਼ਹਾਦਤ 'ਤੇ ਮਾਣ ਹੈ। ਉਨ੍ਹਾਂ ਨੇ ਦੇਸ਼ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕਰਕੇ ਸਾਨੂੰ ਬਖਸ਼ਿਆ ਹੈ। ਇਹੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੇ ਪਰਿਵਾਰ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਉਥੇ ਹੀ ਡੀਸੀ ਗੁਰਦਾਸਪੁਰ ਹਿਮਾਂਸ਼ੂ ਅੱਗਰਵਾਲ ਦਾ ਕਹਿਣਾ ਸੀ ਕਿ ਪੰਜਾਬ ਦੇ ਮੁਖ ਮੰਤਰੀ ਵਲੋਂ ਪਹਿਲਾ ਹੀ ਪਰਿਵਾਰ ਲਈ ਇਕ ਕਰੋੜ ਰੁਪਏ ਮਦਦ ਰਾਸ਼ੀ ਅਤੇ ਇਕ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਗਿਆ ਹੈ ਅਤੇ ਹੁਣ ਵੀ ਮੁਖ ਮੰਤਰੀ ਵਲੋਂ ਪਰਿਵਾਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਅਤੇ ਜੋ ਵੀ ਪਰਿਵਾਰ ਦੀ ਮੰਗ ਹੋਵੇਗੀ ਉਹੀ ਯਾਦਗਾਰ ਸ਼ਹੀਦ ਦੇ ਨਾਮ ਤੇ ਬਣਾਈ ਜਾਵੇਗੀ।
ਇਹ ਵੀ ਪੜ੍ਹੋ : Poonch Terrorist Attack: ਫ਼ੌਜੀ ਸਨਮਾਨਾਂ ਨਾਲ ਸ਼ਹੀਦ ਕੁਲਵੰਤ ਸਿੰਘ ਨੂੰ ਅੰਤਿਮ ਵਿਦਾਇਗੀ, 3 ਮਹੀਨੇ ਦੇ ਪੁੱਤ ਨੇ ਕੀਤਾ ਅਗਨ ਭੇਟ
3 ਸਾਲ ਪਹਿਲਾਂ ਵਿਆਹ ਹੋਇਆ ਸੀ, ਪਿਤਾ ਰਿਟਾਇਰਡ ਫੌਜੀ : ਸ਼ਹੀਦ ਹਰਕ੍ਰਿਸ਼ਨ ਸਿੰਘ 49 ਰਾਸ਼ਟਰੀ ਰਾਈਫਲਜ਼ ਬਟਾਲੀਅਨ ਵਿੱਚ ਤਾਇਨਾਤ ਸਨ। ਉਹ 6 ਸਾਲ ਪਹਿਲਾਂ 2017 ਵਿੱਚ ਫੌਜ ਵਿੱਚ ਭਰਤੀ ਹੋਏ ਸਨ। ਹਰਕ੍ਰਿਸ਼ਨ ਸਿੰਘ ਪਹਿਲਾਂ 16 ਸਿਖਲਾਈ ਵਿੱਚ ਸੀ ਅਤੇ ਬਾਅਦ ਵਿੱਚ 49 ਆਰਆਰ ਵਿੱਚ ਸ਼ਾਮਲ ਹੋ ਗਏ। ਸਨ। ਸ਼ਹੀਦ ਦੇ ਪਿਤਾ ਮੰਗਲ ਸਿੰਘ ਵੀ ਫੌਜ ਵਿੱਚ ਸਨ ਅਤੇ ਕਈ ਸਾਲ ਪਹਿਲਾਂ ਸੇਵਾਮੁਕਤੀ ਤੋਂ ਬਾਅਦ ਆਪਣੇ ਪਿੰਡ ਵਿੱਚ ਰਹਿ ਰਹੇ ਹਨ। ਹਰਕ੍ਰਿਸ਼ਨ ਸਿੰਘ ਦਾ ਵਿਆਹ ਕਰੀਬ 3 ਸਾਲ ਪਹਿਲਾਂ ਦਲਜੀਤ ਕੌਰ ਨਾਲ ਹੋਇਆ ਸੀ। ਉਸ ਦੀ ਡੇਢ ਸਾਲ ਦੀ ਬੇਟੀ ਹੈ। ਹਰਕ੍ਰਿਸ਼ਨ ਸਿੰਘ ਦੀ ਪਤਨੀ ਦਲਜੀਤ ਕੌਰ ਇਸ ਸਮੇਂ ਗਰਭਵਤੀ ਹੈ।