ਗੁਰਦਾਸਪੁਰ: ਦੀਨਾਨਗਰ ਦੇ ਅਧੀਨ ਪੈਂਦੇ ਮਕੋੜਾ ਪੱਤਣ ਰਾਵੀ ਦਰਿਆ ਦੇ ਪਾਰ ਸਰਹੱਦ 'ਤੇ ਵੱਸਦੇ ਪਿੰਡਾਂ ਦੇ ਲੋਕਾਂ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਕੋੜਾ ਪੱਤਣ ਰਾਵੀ ਦਰਿਆ ਉਪਰ ਬਣਿਆ ਆਰਜ਼ੀ ਪੁਲ ਉਨ੍ਹਾਂ ਲਈ ਸੱਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ। ਜਦੋਂ ਵੀ ਪਾਣੀ ਦਾ ਤੇਜ਼ ਬਹਾਅ ਹੁੰਦਾ ਹੈ ਤਾਂ ਰਾਵੀ ਦਰਿਆ ਦੇ ਪਾਰ ਵੱਸਣ ਵਾਲੇ 7 ਪਿੰਡਾਂ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ।
ਲੋਕਾਂ ਦਾ ਕਹਿਣਾ ਹੈ ਕਿ ਰਾਵੀ ਦਰਿਆ ਉਪਰ ਬਣਿਆ ਆਰਜ਼ੀ ਪੁਲ ਟੁੱਟ ਜਾਣ ਕਾਰਨ ਕਿਸਾਨਾਂ ਦੀ ਗੰਨੇ ਦੀ ਫ਼ਸਲ ਖੇਤਾਂ ਵਿਚ ਹੀ ਖ਼ਰਾਬ ਹੋ ਰਹੀ ਹੈ। ਜਦੋਂ ਪੁਲ ਟੁੱਟ ਜਾਂਦਾ ਹੈ ਤਾਂ ਰਾਵੀ ਦਰਿਆ ਦੇ ਪਾਰ ਵੱਸਣ ਵਾਲੇ 7 ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਜਾਂਦਾ ਹੈ ਤੇ ਇਹ ਪਿੰਡ ਟਾਪੂ ਬਣ ਕੇ ਰਹਿ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਵੋਟਾਂ ਲੈਣ ਲਈ ਪੁਲ ਬਣਾਉਣ ਦਾ ਵਾਅਦਾ ਕਰ ਕੇ ਚਲੀਆਂ ਜਾਂਦੀਆਂ ਹਨ ਪਰ ਅਜੇ ਤੱਕ ਪੁਲ ਕਿਸੇ ਪਾਰਟੀ ਨੇ ਨਹੀਂ ਬਣਾਇਆ। ਇਸ ਲਈ ਲੋਕਾਂ ਨੇ ਕਿਹਾ ਕਿ ਉਹ ਇਸ ਵਾਰ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਉਣਗੇ।