ਗੁਰਦਾਸਪੁਰ: ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ਅੰਦਰ ਲਗਾਤਾਰ ਹਲਚਲ ਜਾਰੀ ਹੈ। ਇਕ ਵਾਰ ਫਿਰ ਬੀਐਸਐਫ ਦੇ ਜਵਾਨਾਂ ਨੇ ਗਸ਼ਤ ਦੌਰਾਨ ਭਾਰਤ-ਪਾਕਿ ਸਰਹੱਦ ਤੋਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਫੜ੍ਹਿਆ ਹੈ। ਫਿਲਹਾਲ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦੀ ਹੀ ਅਗਲੀ ਕਾਰਵਾਈ ਲਈ ਉਸਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ। ਇਕ ਘੁਸਪੈਠੀ ਨੂੰ ਫਿਰੋਜ਼ਪੁਰ ਸੈਕਟਰ ਅਤੇ ਦੂਜੇ ਨੂੰ ਗੁਰਦਾਸਪੁਰ ਸੈਕਟਰ ਤੋਂ ਕਾਬੂ ਕੀਤਾ ਗਿਆ ਹੈ।
ਪਾਕਿਸਤਾਨ ਦੇ ਸਿਆਲਕੋਟ ਦਾ ਰਹਿਣ ਵਾਲਾ ਮੁਲਜ਼ਮ: ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨ ਵੀਰਵਾਰ ਦੁਪਹਿਰ ਬੀਓਪੀ ਨਿੱਕਾ ਵਿੱਚ ਗਸ਼ਤ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਤੋਂ ਕੁਝ ਹਲਚਲ ਦੇਖੀ। ਇੱਕ ਪਾਕਿਸਤਾਨੀ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ। ਬੀਐਸਐਫ ਦੇ ਜਵਾਨਾਂ ਨੇ ਜਦੋਂ ਉਸ ਨੂੰ ਆਵਾਜ਼ ਵੀ ਦਿੱਤੀ, ਤਾਂ ਉਹ ਵਾਪਸ ਨਹੀਂ ਗਿਆ। ਇਸ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੜ੍ਹੇ ਗਏ ਘੁਸਪੈਠੀਏ ਦੀ ਪਛਾਣ ਅਮੀਰ ਰਜ਼ਾ ਵਾਸੀ ਸਿਆਲਕੋਟ ਵਜੋਂ ਹੋਈ ਹੈ।
ਫੜ੍ਹੇ ਗਏ ਘੁਸਪੈਠੀਏ ਕੋਲੋਂ ਪਾਕਿ ਕਰੰਸੀ ਤੇ ਸਿਗਰੇਟਾਂ ਬਰਾਮਦ: ਬੀਐਸਐਫ ਜਵਾਨਾਂ ਵੱਲੋਂ ਫੜ੍ਹੇ ਗਏ ਘੁਸਪੈਠੀਏ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਘੁਸਪੈਠੀ ਕਿਵੇਂ ਸਰਹੱਦ ਅੰਦਰ ਆਇਆ, ਕਿ ਮਕਸਦ ਨਾਲ ਆਇਆ ਆਦਿ ਸਵਾਲਾਂ ਦੇ ਜਵਾਬ ਜਾਣਨ ਵਿੱਚ ਜਵਾਨ ਲੱਗੇ ਹੋਏ ਹਨ। ਬੀਐਸਐਫ ਦੇ ਜਵਾਨਾਂ ਨੇ ਫੜੇ ਗਏ ਘੁਸਪੈਠੀਏ ਕੋਲੋਂ 100 ਪਾਕਿਸਤਾਨੀ ਰੁਪਏ ਅਤੇ ਸਿਗਰਟਾਂ ਅਤੇ ਮਾਚਿਸ ਦੇ ਦੋ-ਦੋ ਡੱਬੇ ਵੀ ਬਰਾਮਦ ਕੀਤੇ ਹਨ। ਪੁੱਛਗਿੱਛ ਤੋਂ ਬਾਅਦ ਬੀਐਸਐਫ ਜਲਦ ਹੀ ਮੁਲਜ਼ਮ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦੇਵੇਗੀ। ਜਿਸ ਤੋਂ ਬਾਅਦ ਉਸ ਉੱਤੇ ਭਾਰਤੀ ਸਰਹੱਦ ਦੀ ਉਲੰਘਣਾ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।
ਫਿਰੋਜ਼ਪੁਰ ਸਰਹੱਦ ਤੋਂ ਕਾਬੂ: ਇਸ ਤੋਂ ਇਲਾਵਾ ਇਕ ਹੋਰ ਮੁਲਜ਼ਮ ਬੀਐਸਐਫ ਦੇ ਜਵਾਨਾਂ ਨੇ ਫਿਰੋਜ਼ਪੁਰ ਸੈਕਟਰ ਤੋਂ ਦੇਰ ਰਾਤ ਕਾਬੂ ਕੀਤਾ। ਫੜ੍ਹਿਆ ਗਿਆ ਮੁਲਜ਼ਮ ਪਾਕਿਸਤਾਨ ਦੇ ਖੈਬਰ ਇਲਾਕੇ ਦਾ ਰਹਿਣ ਵਾਲਾ ਹੈ। ਬੀਐਸਐਫ ਨੇ ਦੱਸਿਆ ਕਿ ਘੁਸਪੈਠੀਏ ਫਿਰੋਜ਼ਪੁਰ ਸੈਕਟਰ ਵਿੱਚ ਸਰਹੱਦੀ ਚੌਕੀ ਤੀਰਥ ਨੇੜੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋਏ।
ਬੀਐਸਐਫ ਨੇ ਇੱਕ ਬਿਆਨ ਵਿੱਚ ਕਿਹਾ, "ਉਸ ਨੂੰ ਬੀਐਸਐਫ ਦੇ ਜਵਾਨਾਂ ਨੇ ਗ੍ਰਿਫਤਾਰ ਕੀਤਾ ਅਤੇ ਤਲਾਸ਼ੀ ਲਈ। ਮੁੱਢਲੀ ਪੁੱਛਗਿੱਛ ਦੌਰਾਨ, ਉਸਨੇ ਖੁਲਾਸਾ ਕੀਤਾ ਕਿ ਉਹ ਪਾਕਿਸਤਾਨ ਦੇ ਜ਼ਿਲ੍ਹਾ ਖੈਬਰ ਦਾ ਵਸਨੀਕ ਹੈ। ਐਸਓਪੀ ਦੇ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।"
ਅੰਮ੍ਰਿਤਸਰ ਸਰਹੱਦ ਤੋਂ ਵੀ ਇਕ ਘੁਸਪੈਠੀ ਗ੍ਰਿਫ਼ਤਾਰ: ਇਸ ਤੋਂ ਪਹਿਲਾਂ ਬੀਐਸਐਫ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਨਾਗਰਿਕ ਨੂੰ ਅੰਮ੍ਰਿਤਸਰ ਸਰਹੱਦ ਤੋਂ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਬੀਓਪੀ ਰਾਜਾਤਾਲ ਤੋਂ ਫੜ੍ਹਿਆ ਗਿਆ ਅਤੇ ਜਿਸ ਦੀ ਪਛਾਣ ਪਾਕਿਸਤਾਨ ਦੇ ਕਰਾਚੀ ਵਾਸੀ ਸਮਸੁਦੀਨ ਵਜੋਂ ਹੋਈ। ਬੀਐਸਐਫ ਦੇ ਜਵਾਨਾਂ ਨੇ ਦੋ ਦਿਨਾਂ ਵਿੱਚ, ਪਾਕਿਸਤਾਨ ਵੱਲੋਂ ਪੰਜਾਬ ਸਰਹੱਦ ਤੋਂ ਅੰਦਰ ਘੁਸਪੈਠ ਕਰਨ ਵਾਲੇ ਕੁੱਲ 3 ਘੁਸਪੈਠੀਏ ਕਾਬੂ ਕੀਤੇ ਹਨ। (ANI)
ਇਹ ਵੀ ਪੜ੍ਹੋ: Differences central and state gov budgets: ਰਾਜ ਅਤੇ ਕੇਂਦਰ ਸਰਕਾਰ ਦੇ ਬਜਟ ਵਿੱਚ ਕੀ ਅੰਤਰ ਹੈ?