ਪਠਾਨਕੋਟ: ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵਲੋਂ ਬਟਾਲਾ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਗਿਆ। ਉਨ੍ਹਾਂ ਦਾ ਕਹਿਣਾ ਕਿ ਅਧੂਰੇ ਵਿਕਾਸ ਕਾਰਜ ਜਲਦ ਮੁਕੰਮਲ ਕਰ ਲਏ ਜਾਣਗੇ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਹਲਕੇ ਨੂੰ ਗ੍ਰਾਂਟਾਂ ਦੇ ਗੱਫ਼ੇ ਦਿੱਤੇ ਗਏ ਹਨ, ਜਿਸ ਕਾਰਨ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਦੇ ਇਸ ਬਿਆਨ 'ਤੇ ਵੀ ਪ੍ਰਤੀਕ੍ਰਿਆ ਦਿੱਤੀ, ਜਿਸ 'ਚ ਉਨ੍ਹਾਂ ਦਾ ਕਹਿਣਾ ਸੀ ਕਿ ਬੰਗਲਾਦੇਸ਼ ਦੀ ਅਜ਼ਾਦੀ 'ਚ ਉਨ੍ਹਾਂ ਯੋਗਦਾਨ ਪਾਇਆ ਹੈ, ਤਾਂ ਇਸ ਸਬੰਧੀ ਬਾਜਵਾ ਦਾ ਕਹਿਣਾ ਕਿ ਜਾਣਕਾਰੀ ਅਨੁਸਾਰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਯੋਗਦਾਨ ਬੰਗਲਾਦੇਸ਼ ਲਈ ਅਹਿਮ ਸੀ। ਇਸ ਦੇ ਨਾਲ ਹੀ ਮੁੱਖ ਮੰਤਰੀ ਵਲੋਂ ਕੋਰੋਨਾ ਦੌਰਾਨ ਜਾਨ ਗਵਾਉਣ ਵਾਲਿਆਂ ਲਈ ਸੜਕਾਂ ਜਾਮ ਕਰਕੇ ਇੱਕ ਘੰਟੇ ਦਾ ਮੌਨ ਰੱਖਣ ਦੇ ਐਲਾਨ 'ਤੇ ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਕਈ ਸ਼ਿਕਾਇਤਾਂ ਉਨ੍ਹਾਂ ਨੂੰ ਮਿਲੀਆਂ ਹਨ, ਜਿਸ ਸਬੰਧੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨਗੇ।
ਇਸ ਦੇ ਨਾਲ ਹੀ ਸੁਪਰੀਮ ਕੋਰਟ ਵਲੋਂ ਯੂਪੀ ਦੇ ਗੈਂਗਸਟਰ ਮੁਖਤਿਆਰ ਅੰਸਾਰੀ ਨੂੰ ਪੰਜਾਬ ਤੋਂ ਯੂਪੀ ਭੇਜਣ ਲਈ ਆਦੇਸ਼ਾਂ 'ਤੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਹੁਕਮ ਹੋਇਆ ਹੈ, ਇਸ ਉਪਰ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਹੈ, ਅਤੇ ਮੁਖਤਿਆਰ ਅੰਸਾਰੀ ਨੂੰ ਯੂ.ਪੀ ਭੇਜ ਦਿੱਤਾ ਜਾਵੇਗਾ।