ਗੁਰਦਾਸਪੁਰ: ਬਟਾਲਾ ਸ਼ਹਿਰ ਦੇ ਨੌਜਵਾਨ ਅੰਮ੍ਰਿਤਪ੍ਰੀਤ ਸਿੰਘ ਨੇ ਲਗਾਤਾਰ 120 ਘੰਟੇ ਤਬਲਾ ਵਾਦਨ ਕਰਕੇ "ਇੰਡੀਅਜ਼ ਵਰਲਡ ਰਿਕਾਰਡ" ਵਿੱਚ ਨਾਮ ਦ ਆਪਣਾ ਨਾਮ ਦਰਜ ਕਰਵਾਇਆ ਹੈ। ਅਜਿਹਾ ਕਰਕੇ ਅੰਮ੍ਰਿਤਪ੍ਰੀਤ ਸਿੰਘ ਨੇ ਜਿੱਥੇ ਬਟਾਲਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਹੀ, ਆਪਣੇ ਮਾਪਿਆਂ ਦਾ ਨਾਮ ਵੀ ਚਮਕਾਇਆ ਹੈ। ਇਸ ਤੋਂ ਪਹਿਲਾਂ ਤਬਲਾ ਵਾਦਨ ਵਿੱਚ ਵਿਸ਼ਵ ਰਿਕਾਰਡ 110 ਘੰਟਿਆਂ ਦਾ ਸੀ।
31 ਦਸੰਬਰ, 22 ਤੋਂ 5 ਜਨਵਰੀ, 2023 ਤੱਕ ਤਬਲਾ ਵਾਦਨ : ਫਾਰਮੈਸੀ ਕਰਨ ਦੇ ਬਾਵਜੂਦ ਅੰਮ੍ਰਿਤਪ੍ਰੀਤ ਸਿੰਘ ਸੰਗੀਤ ਗੁਰਬਾਣੀ ਨਾਲ ਜੁੜਿਆ ਰਿਹਾ। ਗੁਰੂ ਨਾਨਕ ਕਾਲਜ, ਬਟਾਲਾ ਤੋਂ ਗ੍ਰੈਜੂਏਸ਼ਨ ਕਰ ਰਹੇ ਅੰਮ੍ਰਿਤਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ 31 ਦਸਬੰਰ 2022 ਤੋਂ ਸਵੇਰੇ 11 ਵਜੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਕੇ ਤਬਲਾ ਵਾਦਨ ਦੀ ਸ਼ੁਰੂਆਤ ਕੀਤੀ ਸੀ ਤੇ 5 ਜਨਵਰੀ 2023 ਨੂੰ ਸਵੇਰੇ 11 ਵਜੇ ਤੱਕ ਲਗਾਤਾਰ 5 ਦਿਨ ਤੇ 5 ਰਾਤਾਂ ਤਬਲਾ ਵਾਦਨ ਕਰਕੇ ਇਹ ਰਿਕਾਰਡ ਕਾਇਮ ਕੀਤਾ ਹੈ।
ਅੰਮ੍ਰਿਤਪ੍ਰੀਤ ਸਿੰਘ ਵੱਲੋਂ ਹੁਣ ਅਗਲੇ ਪੜਾਅ ਲਈ ਤਿਆਰੀ: ਅੰਮ੍ਰਿਤਪ੍ਰੀਤ ਸਿੰਘ ਹੁਣ "ਲਿਮਕਾ ਬੁੱਕ" ਵਿੱਚ ਵਰਲਡ ਬੁੱਕ ਆਫ ਗਿੰਨੀਜ਼" ਵਿੱਚ ਵੀ ਨਾਮ ਦਰਜ ਕਰਵਾਉਣ ਲਈ ਤਿਆਰੀ ਕਰ ਰਿਹਾ ਹੈ। ਉਥੇ ਹੀ ਅੰਮ੍ਰਿਤਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ 9 ਕੁ ਸਾਲ ਦੀ ਉਮਰ ਵਿੱਚ ਹੀ ਤਬਲਾ ਵਾਦਨ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ, ਜਦਕਿ ਇਸ ਪਿੱਛੇ ਉਸ ਦੇ ਪਰਿਵਾਰ ਦੀ ਪ੍ਰੇਰਨਾ ਹਮੇਸ਼ਾ ਰਹੀ ਹੈ। ਉਦੋਂ ਤੋਂ ਹੀ ਅੰਮ੍ਰਿਤਪ੍ਰੀਤ ਸਿੰਘ ਨੇ ਨਿਸ਼ਕਾਮ ਧਰਮ ਪ੍ਰਚਾਰ ਕਰ ਰਹੀਆਂ ਵੱਖ ਵੱਖ ਜਥੇਬੰਦੀਆਂ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ।
ਭਰਾ-ਭੈਣ ਦੋਵੇਂ ਕੀਰਤਨ-ਗੁਰਬਾਣੀ ਨਾਲ ਜੁੜੇ ਹੋਏ: ਇਸ ਤੋਂ ਇਲਾਵਾ 17 ਕੁ ਸਾਲ ਦੀ ਉਮਰ ਤੋਂ ਅੰਮ੍ਰਿਤਪ੍ਰੀਤ ਸਿੰਘ ਗੁਰਦੁਆਰਾ ਸ਼ਹੀਦਾਂ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਵਿਖੇ ਵੀ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ, ਭਾਈ ਅਨੂਪ ਸਿੰਘ ਜੀ ਅਤੇ ਭਾਈ ਪਲਵਿੰਦਰ ਸਿੰਘ ਜੀ ਨਾਲ ਤਬਲਾ ਵਾਦਨ ਦੀ ਸੇਵਾ ਨਿਭਾਉਂਦਾ ਆ ਰਿਹਾ ਹੈ। ਅੰਮ੍ਰਿਤਪ੍ਰੀਤ ਸਿੰਘ ਦੇ ਪਿਤਾ ਗੁਰਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਉਹ ਖੁਦ ਵਿੱਚ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਦੋ ਬੱਚੇ, ਦੋਵੇਂ ਗੁਰੂ ਘਰ ਨਾਲ ਛੋਟੇ ਹੁੰਦਿਆਂ ਤੋਂ ਜੁੜੇ ਹੋਏ ਹਨ। ਉਨ੍ਹਾਂ ਦੀ ਧੀ, ਜੋ ਹੁਣ ਵਿਦੇਸ਼ ਵਿੱਚ ਹੈ, ਉਹ ਵੀ ਕੀਰਤਨ ਗੁਰਬਾਣੀ ਨਾਲ ਜੁੜੀ ਹੋਈ ਹੈ ਅਤੇ ਉਸ ਨੂੰ ਦੇਖ ਪੁੱਤਰ ਦਾ ਵੀ ਏਸੇ ਪਾਸੇ ਰੁਝਾਨ ਹੋ ਗਿਆ। 26 ਸਾਲ ਦੀ ਉਮਰ ਵਿੱਚ ਅੰਮ੍ਰਿਤਪ੍ਰੀਤ ਸਿੰਘ ਨੇ ਆਪਣਾ ਨਾਮ "ਇੰਡੀਅਜ਼ ਵਰਲਡ ਰਿਕਾਰਡ" ਵਿੱਚ ਦਰਜ ਕਰਵਾ ਕੇ ਇਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ਪਰੇਡ ਲਈ ਕਿਵੇਂ ਕੀਤੀ ਜਾਂਦੀ ਹੈ ਝਾਕੀ ਦੀ ਚੋਣ ? ਜਾਣੋ, ਪੂਰੀ ਪ੍ਰਕਿਰਿਆ