ਗੁਰਦਾਸਪੁਰ: ਪੰਜਾਬ ਭਰ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਦੇ ਵਾਧੇ ਨੂੰ ਦੇਖਦਿਆਂ ਜਿੱਥੇ ਮੁੱਖ ਮੰਤਰੀ ਪੰਜਾਬ ਵਲੋਂ ਮਿਲੀਆਂ ਸ਼ਕਤੀਆਂ ਦੇ ਅਧਾਰ ਤੇ ਕਰੀਬ ਚਾਰ ਜਿਲ੍ਹਿਆਂ ਵਿੱਚ ਰਾਤ ਦਾ ਕਰਫਿਊ ਜਾਰੀ ਹੈ, ਉੱਥੇ ਹੀ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਕੋਵਿਡ ਸ਼ੀਲਡ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸੇ ਅਧਾਰ 'ਤੇ ਹਲਕਾ ਵਾਸੀਆਂ ਨੂੰ ਉਤਸ਼ਾਹਿਤ ਕਰਨ ਲਈ ਸਥਾਨਕ ਹਲਕਾ ਵਿਧਾਇਕ ਵਲੋਂ ਅੱਜ ਵੈਕਸੀਨ ਲਗਵਾਈ ਗਈ। ਹਲਕੇ ਦੇ ਪਿੰਡ ਮੀਆਂਵਿੰਡ (ਸੀਐਚਸੀ ਸੈਂਟਰ) ਵਿੱਚ ਕੋਵਿਡ ਸ਼ੀਲ਼ਡ ਵੈਕਸੀਨ ਲਗਵਾਉਣ ਪੁੱਜੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਿਹਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਵਲੋਂ ਪੰਜਾਬ ਰਾਜ ਦੇ ਸਮੂਹ ਸਿਵਲ ਹਸਪਤਾਲਾਂ ਨੂੰ ਬੇਹਤਰ ਬਣਾਉਣ ਦੇ ਨਾਲ ਨਾਲ ਯੋਗ ਅਗਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੁਝ ਕੁ ਲੋਕਾਂ ਦੇ ਮਨ੍ਹਾਂ ਵਿੱਚ ਕੋਵਿਡ ਵੈਕਸੀਨ ਨੂੰ ਲੈ ਕੇ ਸ਼ੰਕਾ ਸਨ ਪਰ ਅਜਿਹਾ ਕੁਝ ਨਹੀਂ ਹੈ, ਜਿਸ ਨੂੰ ਸਾਫ ਕਰਨ ਲਈ ਉਹ ਖੁਦ ਵੀ ਅੱਜ ਉਚੇਚੇ ਤੌਰ ਤੇ ਇੱਥੇ ਪੁੱਜੇ ਅਤੇ ਵੈਕਸੀਨ ਲਗਵਾਈ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਕੋਰੋਨਾ ਮੁਕਤ ਰੱਖਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋ 60 ਸਾਲ ਤੋ ਵੱਧ ਉੇਮਰ ਵਾਲੇ ਲੋਕਾਂ ਨੂੰ ਕੋਵਿਡ ਦੀ ਵੈਕਸੀਨ ਮੁਫਤ ਲਗਾਈ ਜਾ ਰਹੀ ਹੈ, ਜੋ ਕਿ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ।
ਜਿਕਰਯੋਗ ਹੈ ਕਿ ਬੀਤੇ ਕੁਝ ਦਿਨ੍ਹਾਂ ਤੋਂ ਪੰਜਾਬ ਵਿੱਚ ਵੱਧ ਰਹੇ ਕੋਰੋਨਾ ਕੇਸ ਚਿੰਤਾਜਨਕ ਵਿਸ਼ਾ ਹੈ, ਹਾਲਾਂਕਿ ਜੇਕਰ ਦੇਖਿਆ ਜਾਵੇ ਤਾਂ ਸੂਬਾ ਸਰਕਾਰ ਵਲੋਂ ਮੁੜ ਤੋਂ ਕੋਰੋਨਾ ਮਹਾਂਮਾਰੀ ਖਿਲਾਫ ਕਮਰ ਕੱਸਦਿਆਂ ਵਿਸ਼ੇਸ਼ ਹਦਾਇਤਾਂ ਜਾਰੀ ਕਰ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।