ਗੁਰਦਾਸਪੁਰ: ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੂੰ ਹਲਕੇ ਵਿੱਚੋਂ ਗਾਇਬ ਰਹਿਣ ਕਾਰਨ ਮੁੜ ਤੋਂ ਵਿਰੋਧੀਆਂ ਅਤੇ ਆਮ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਵੱਲੋਂ ਇਸ ਔਖੀ ਘੜੀ ਵਿੱਚ ਵੀ ਗੁਰਦਾਸਪੁਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਦੇ ਲੋਕਾਂ ਨੇ ਸੰਨੀ ਦਿਓਲ 'ਤੇ ਭਰੋਸਾ ਦਿਖਾਉਂਦੇ ਹੋਏ ਉਨ੍ਹਾਂ ਨੂੰ ਗੁਰਦਾਸਪੁਰ ਹਲਕੇ ਦਾ ਸੰਸਦ ਮੈਂਬਰ ਬਣਾਇਆ ਸੀ। ਸੰਨੀ ਦਿਓਲ ਵੋਟਾਂ ਲੈਣ ਤੋਂ ਬਾਅਦ ਮੁੜ ਹਲਕੇ 'ਚ ਦਿਖਾਈ ਨਹੀਂ ਦਿੱਤੇ।
ਕਸਬਾ ਫ਼ਤਹਿਗੜ੍ਹ ਚੂੜੀਆਂ ਵਿਖੇ ਕਾਂਗਰਸੀਆਂ ਵੱਲੋਂ ਸੰਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ। ਪੋਸਟਰਾਂ ਵਿੱਚ ਸੰਨੀ ਦਿਓਲ ਨੂੰ ਲੱਭਣ ਵਾਲੇ ਨੂੰ ਵਾਜਿਬ ਇਨਾਮ ਦਿੱਤੇ ਜਾਣ ਦੀ ਗੱਲ ਵੀ ਆਖੀ ਗਈ। ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰੋਸ਼ਨ ਜੋਸਫ ਨੇ ਕਿਹਾ ਕਿ ਲੋਕਾਂ ਨੇ ਵੱਡੀ ਆਸ ਨਾਲ ਅਦਾਕਾਰ ਸੰਨੀ ਦਿਓਲ ਨੂੰ ਵੋਟ ਪਾਕੇ ਜਿਤਾਇਆ ਸੀ ਤਾਂ ਜੋ ਉਹ ਸੁੱਖ-ਦੁੱਖ ਵੇਲੇ ਗੁਰਦਾਸਪੁਰ ਦੇ ਲੋਕਾਂ ਦੇ ਨਾਲ ਖੜਨ ਪਰ ਕੋਰੋਨਾ ਮਹਾਂਮਾਰੀ ਦੇ ਮੁਸ਼ਕਲ ਸਮੇਂ ਸੰਨੀ ਦਿਓਲ ਇੱਕ ਵਾਰ ਵੀ ਹਲਕੇ ਦੇ ਲੋਕਾਂ ਨੂੰ ਮਿਲਣ ਨਹੀਂ ਆਏ ਅਤੇ ਨਾ ਹੀ ਗੁਰਦਾਸਪੁਰ ਬਾਰੇ ਕੋਈ ਗੱਲ ਕੀਤੀ।
ਜ਼ਿਕਰਯੋਗ ਹੈ ਕਿ ਲੋਕ ਸਭਾ 2019 ਦੀਆਂ ਚੋਣਾਂ ਵਿੱਚ ਸੰਨੀ ਦਿਓਲ ਨੂੰ ਭਾਜਪਾ ਨੇ ਗੁਰਦਸਾਪੁਰ ਚੋਣ ਮੈਦਾਨ 'ਚ ਉਤਾਰਿਆ ਸੀ। ਸੰਨੀ ਦੇ ਮੁਕਾਬਲੇ ਕਾਂਰਗਸ ਨੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਚੋਣ ਲੜਾਈ ਸੀ। ਬਾਲੀਵੁੱਡ 'ਚੋਂ ਸਿੱਧਾ ਸਿਆਸਤ 'ਚ ਸੰਨੀ ਦੀ ਐਂਟਰੀ ਗੁਰਦਾਸਪੁਰ ਦੇ ਲੋਕਾਂ ਨੂੰ ਪੰਸਦ ਆਈ ਅਤੇ ਆਪਣੇ ਚਹੇਤੇ ਸਟਾਰ ਨੂੰ ਲੀਡਰ ਬਣਾਇਆ।