ਗੁਰਦਾਸਪੁਰ: ਲੌਕਡਾਊਨ ਦੌਰਾਨ ਸੂਬਾ ਸਰਕਾਰ ਵੱਲੋਂ ਭਾਂਵੇ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ-ਆਪਣੇ ਰਾਜਾਂ ਵਿਖੇ ਭੇਜੇ ਜਾਣ ਦੇ ਦਾਅਵੇ ਕੀਤੇ ਜਾਂਦੇ ਹੋਣ ਪਰ ਅਸਲ ਸਚਾਈ ਇਹ ਹੈ ਕਿ ਹੁਣ ਵੀ ਸੂਬੇ ਭਰ 'ਚ ਬਿਹਾਰ, ਮਹਾਰਾਸ਼ਟਰ ਅਤੇ ਯੂਪੀ ਵਰਗੇ ਰਾਜਾਂ ਦੇ ਪ੍ਰਵਾਸੀ ਲੋਕ ਘਰ ਵਾਪਸੀ ਲਈ ਮਦਦ ਦੀ ਗੁਹਾਰ ਲਗਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਵਿਖੇ ਉਸ ਵੇਲੇ ਸਾਹਮਣੇ ਆਇਆ, ਜਦੋਂ 100 ਦੇ ਕਰੀਬ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਅਤੇ ਛੋਟੇ-ਛੋਟੇ ਬੱਚਿਆਂ ਸਮੇਤ ਡੀਸੀ ਦਫ਼ਤਰ ਸਾਹਮਣੇ ਧਰਨਾ ਲਗਾ ਕੇ ਬੈਠ ਗਏ।
ਲਾਲ ਝੰਡੇ ਦੇ ਬੈਨਰ ਹੇਠਾਂ ਧਰਨਾ ਲਗਾ ਕੇ ਬੈਠੇ ਇਹਨਾਂ ਮਜ਼ਦੂਰਾਂ ਦਾ ਕਹਿਣਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਝ ਦਿਨ ਪਹਿਲਾਂ ਉਹਨਾ ਨੂੰ ਘਰ ਵਾਪਸੀ ਲਈ ਭੇਜੇ ਜਾਣ ਦੀ ਗੱਲ ਕਹਿੰਦਿਆਂ ਕਿਸੇ ਹੋਰ ਰੇਲ ਵਿੱਚ ਬਿਠਾ ਦਿੱਤਾ ਗਿਆ। ਉਨ੍ਹਾਂ ਨੂੰ ਪੰਜਾਬ ਵਿੱਚੋਂ ਨਿੱਕਲ ਕੇ ਦੂਜੇ ਰਾਜ 'ਚ ਜਾ ਕੇ ਫਸਣਾ ਗਵਾਰਾ ਨਹੀਂ ਸੀ, ਇਸ ਲਈ ਉਹਨਾਂ ਨੇ ਉਸ ਰੇਲ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਉਦੋਂ ਤੋਂ ਹੀ ਇਹ ਲੋਕ ਘਰ ਵਾਪਸੀ ਲਈ ਭਟਕ ਰਹੇ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰੀਬ ਇੱਕ ਹਜ਼ਾਰ ਦੇ ਕਰੀਬ ਪ੍ਰਵਾਸੀ ਲੋਕ ਘਰ ਵਾਪਸੀ ਦੀ ਮੰਗ ਕਰ ਰਹੇ ਹਨ ਪਰ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਉਹ ਸਾਰੇ ਇੱਟਾਂ ਦੇ ਭੱਠਿਆਂ 'ਤੇ ਕੰਮ ਕਰਨ ਵਾਲੇ ਲੋਕ ਹਨ ਅਤੇ ਪ੍ਰਸ਼ਾਸਨ ਵੱਲੋਂ ਘਰ ਵਾਪਸੀ ਦੇ ਦਿੱਤੇ ਗਏ ਧਰਵਾਸ ਤੋਂ ਬਾਅਦ ਆਪਣੇ ਭੱਠਿਆਂ ਵਿੱਖੇ ਸਥਿਤ ਅਸਥਾਈ ਘਰਾਂ ਨੂੰ ਢਾਹ ਕੇ, ਸਮਾਨ ਮਾਲਿਕਾਂ ਦੇ ਹਵਾਲੇ ਕਰ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਮਜ਼ਦੂਰਾਂ ਨੂੰ ਕੁੱਝ ਦਿਨ ਪਹਿਲਾਂ ਘਰ ਵਾਪਸੀ ਦੀ ਗੱਲ ਕਹਿੰਦਿਆਂ ਗੁਰਦਾਸਪੁਰ ਤੋਂ ਚੱਲਣ ਵਾਲੀ ਕਿਸੇ ਹੋਰ ਸਟੇਸ਼ਨ ਵਾਲੀ ਰੇਲ ਗੱਡੀ ਵਿੱਚ ਬਿਠਾ ਦਿੱਤਾ ਗਿਆ। ਮਜ਼ਦੂਰਾਂ ਨੇ ਕਿਹਾ ਕਿ ਜਦੋਂ ਪ੍ਰਸ਼ਾਸਨ ਨੂੰ ਘਰ ਵਾਪਸੀ ਦੀ ਗੁਹਾਰ ਲਾਉਣ ਤੋਂ ਬਾਅਦ ਵੀ ਕੋਈ ਨਤੀਜਾ ਨਾ ਨਿਕਲਿਆ ਤਾਂ ਉਨ੍ਹਾਂ ਨੇ ਹਾਰ ਕੇ ਡੀਸੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਦਾ ਫੈਸਲਾ ਕੀਤਾ।