ਬਟਾਲਾ: ਸ਼ਹਿਰ ’ਚ ਤਹਿਸੀਲ ਕੰਪਲੈਕਸ ਦੀਆਂ ਕੰਧਾਂ ’ਤੇ ਖਾਲਿਸਤਾਨੀ ਪੋਸਟਰ ਲਾਉਣ ਦਾ ਮਾਮਲਾ ਸਾਮਣੇ ਆਇਆ ਹੈ। ਇਹਨਾਂ ਪੋਸਟਰਾਂ ਤੇ ‘ਦੇਸ਼ ਖਾਲਿਸਤਾਨ’ ਅਤੇ ‘ਦੇਸ਼ ਪੰਜਾਬ ਖਾਲਿਸਤਾਨ’ ਲਿਖਿਆ ਹੋਣ ਦੇ ਨਾਲ-ਨਾਲ ਉਰਦੂ ਭਾਸ਼ਾ ਵਿੱਚ ਕਈ ਲਾਈਨਾਂ ਲਿਖਿਆ ਹੋਈਆਂ ਹਨ। ਜਗ੍ਹਾ - ਜਗ੍ਹਾ ਅਜਿਹੇ ਪੋਸਟਰ ਲੱਗੇ ਦੇਖਣ ਤੋਂ ਬਾਅਦ ਬਟਾਲਾ ਦੇ ਲੋਕਾਂ ਵਿੱਚ ਕਾਫ਼ੀ ਡਰ ਪਾਇਆ ਜਾ ਰਿਹਾ ਹੈ। ਉਥੇ ਹੀ ਕਿਸਾਨਾਂ ਦੇ ਅੰਦੋਲਨ ਦੀ ਆੜ ਵਿੱਚ ਕੁੱਝ ਸ਼ਰਾਰਤੀ ਤੱਤ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡ ਰਹੇ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੋਸਟਰਾਂ ਉੱਤੇ ਟੈਲੀਫੋਨ ਨੰਬਰ ਤੱਕ ਲਿਖੇ ਹੋਏ ਹਨ। ਉਧਰ ਬਟਾਲਾ ਦੇ ਐੱਸ.ਪੀ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹਨਾਂ ਪੋਸਟਰ ਲਗਾਉਣ ਵਾਲੇ ਦੀ ਪਛਾਣ ਕਰ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੋਸਟਰ ਲਗਾਉਣ ਵਾਲਾ ਵਿਅਕਤੀ ਗੁਰਨਾਮ ਸਿੰਘ ਵਾਸੀ ਪਿੰਡ ਭੁੱਲਰ ਦਿਮਾਗੀ ਤੋਰ ਉੱਤੇ ਪਰੇਸ਼ਾਨ ਹੈ ਅਤੇ ਇਸ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਉਸ ਵੱਲੋਂ ਪਹਿਲਾਂ ਵੀ ਅਜਿਹਾ ਕੀਤਾ ਗਿਆ ਸੀ। ਇਸ ਦਾ ਨਾਲ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।