ਚੰਡੀਗੜ੍ਹ: ਸ਼ਨੀਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਕਿ ਪਾਕਿਸਤਾਨ 29 ਜੂਨ ਤੋਂ ਕਰਤਾਰਪੁਰ ਲਾਂਘੇ ਨੂੰ ਮੁੜ ਖੋਲ੍ਹ ਰਿਹਾ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਇਹ ਕਦਮ ਪਾਕਿਸਤਾਨ ਵੱਲੋਂ ਚੁੱਕਿਆ ਜਾ ਰਿਹਾ ਹੈ। ਕਰੋਨਾ ਵਾਇਰਸ ਕਾਰਨ ਫ਼ੈਲੀ ਮਹਾਂਮਾਰੀ ਤੋਂ ਬਾਅਦ 16 ਮਾਰਚ ਨੂੰ ਇਹ ਲਾਂਘਾ ਅਣਮਿੱਥੇ ਸਮੇਂ ਲਈ ਆਰਜ਼ੀ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ।
ਵਿਦੇਸ਼ ਮੰਤਰਾਲੇ ਵਿੱਚ ਸਰਕਾਰੀ ਸੂਤਰਾਂ ਅਨੁਸਾਰ ਲਾਂਘੇ ਨੂੰ ਮੁੜ ਖੋਲ੍ਹਣ ਲਈ ਦੋਵਾਂ ਸਰਕਾਰਾਂ ਵੱਲੋਂ ਇੱਕ ਦੂਜੇ ਨੂੰ ਇੱਕ ਹਫ਼ਤੇ ਦਾ ਸਮਾਂ ਦੇਣ ਦੀ ਗੱਲ ਕੀਤੀ ਗਈ ਸੀ। ਪਾਕਿਸਤਾਨ ਕੇਵਲ ਦੋ ਦਿਨਾਂ ਦੇ ਨੋਟਿਸ 'ਤੇ ਲਾਂਘਾ ਖੋਲ੍ਹਣ ਦੀ ਗੱਲ ਕਰ ਰਿਹਾ ਹੈ ਜੋ ਕਿ ਠੀਕ ਨਹੀਂ ਹੈ।
ਜ਼ਿਕਰਯੋਗ ਹੈ ਕਿ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਦੇ ਦਰਸ਼ਨ ਕਰਨ ਲਈ ਭਾਰਤ ਸਰਕਾਰ ਵੱਲੋਂ ਬਣਾਏ ਗਏ ਵਿਸ਼ੇਸ਼ ਪੋਰਟਲ 'ਤੇ ਰਜਿਸਟਰ ਕਰਨਾ ਜ਼ਰੂਰੀ ਹੈ ਜਿਸ ਤੋਂ ਬਾਅਦ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ। ਇਹ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਸਰਕਾਰ ਵੱਲੋਂ ਇਜਾਜ਼ਤ ਦਿੱਤੀ ਜਾਂਦੀ ਹੈ।
ਪਾਕਿਸਤਾਨ ਸਰਕਾਰ ਵੱਲੋਂ ਰਾਵੀ ਦਰਿਆ ਉੱਪਰ ਪੁਲ ਬਣਾਉਣ ਦੀ ਗੱਲ ਵੀ ਕੀਤੀ ਗਈ ਸੀ ਜੋ ਕਿ ਹਾਲੇ ਤੱਕ ਨਹੀਂ ਬਣਿਆ। ਮੌਨਸੂਨ ਦੇ ਸਮੇਂ ਰਾਵੀ ਦਰਿਆ ਵਿੱਚ ਹੜ੍ਹ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਕਰਕੇ ਯਾਤਰਾ ਵਿੱਚ ਵਿਘਨ ਪੈ ਸਕਦਾ ਹੈ।
ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ ਇਸ ਵੇਲੇ ਕੇਰੋਨਾ ਵਾਇਰਸ ਕਾਰਨ ਮਹਾਂਮਾਰੀ ਦਾ ਸ਼ਿਕਾਰ ਹਨ। ਜਿੱਥੇ ਪਾਕਿਸਤਾਨ ਵਿੱਚ ਦੋ ਲੱਖ ਤੋਂ ਵੱਧ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਚਾਰ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਉਥੇ ਹੀ ਭਾਰਤ ਵਿੱਚ ਵੀ ਪੰਜ ਲੱਖ ਤੋਂ ਵੱਧ ਮਰੀਜ਼ ਅਤੇ 16 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਅਜਿਹੇ ਹਾਲਾਤਾਂ ਵਿੱਚ ਲਾਂਘੇ ਦਾ ਖੁੱਲ੍ਹਣਾ ਆਪਣੇ ਆਪ ਵਿਚ ਕਈ ਸਵਾਲ ਪੈਦਾ ਕਰਦਾ ਹੈ।
ਵਿਦੇਸ਼ ਮੰਤਰਾਲੇ ਵਿੱਚ ਮੌਜੂਦ ਸੂਤਰਾਂ ਅਨੁਸਾਰ ਲਾਂਘੇ ਦਾ ਦੁਬਾਰਾ ਖੁੱਲ੍ਹਣਾ ਪਾਕਿਸਤਾਨ ਵੱਲੋਂ ਕੇਵਲ 'ਮਿਰਾਜ ਆਫ਼ ਗੁਡਵਿੱਲ' ਹੈ।
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ ਪਰ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਉਨ੍ਹਾਂ ਦੀ ਸਮਾਧ ਅਤੇ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸਥੱਲ ਲਾਹੌਰ ਵਿਖੇ ਮੌਜੂਦ ਹੈ ਜੋ ਕਿ ਕਰਤਾਰਪੁਰ ਸਾਹਿਬ ਤੋਂ ਲਗਪਗ ਇੱਕ ਸੌ ਚਾਲੀ ਕਿਲੋਮੀਟਰ ਦੂਰ ਹੈ। ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਵੀ ਸ਼ਰਧਾਲੂ ਇਨ੍ਹਾਂ ਸਥਾਨਾਂ ਦੇ ਦਰਸ਼ਨਾਂ ਲਈ ਨਹੀਂ ਜਾ ਸਕਦੇ ਕਿਉਂਕਿ ਲਾਹੌਰ ਜਾਣ ਲਈ ਅਲੱਗ ਤੋਂ ਵੀਜ਼ਾ ਚਾਹੀਦਾ ਹੈ।
ਹਰ ਸਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਲਗਪਗ 200 ਸਿੱਖ ਸ਼ਰਧਾਲੂ ਪਾਕਿਸਤਾਨ ਜਾਂਦੇ ਹਨ ਪਰ ਮਹਾਂਮਾਰੀ ਕਾਰਨ ਬਾਰਡਰ ਵੀ ਸੀਲ ਹਨ ਅਤੇ ਧਾਰਮਿਕ ਯਾਤਰਾਵਾਂ ਵੀ ਆਰਜ਼ੀ ਤੌਰ ਤੇ ਬੰਦ ਹਨ।
ਈਟੀਵੀ ਭਾਰਤ ਨਾਲ ਟੈਲੀਫੋਨ ਤੇ ਗੱਲ ਕਰਦਿਆਂ ਸੀਨੀਅਰ ਪੱਤਰਕਾਰ ਰਵਿੰਦਰ ਸਿੰਘ ਰੋਬਿਨ ਨੇ ਦੱਸਿਆ ,"ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦੀ ਗੱਲ ਕਰਨਾ ਇੱਕ ਗੁਗਲੀ ਲਗਦੀ ਹੈ ਕਿਉਂਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਜਦੋਂ ਕਿ ਕਾਇਦੇ ਨਾਲ ਇਹ ਸਰਕਾਰ ਵੱਲੋਂ ਹਾਈ ਕਮਿਸ਼ਨ ਜਾਂ ਵਿਦੇਸ਼ ਮੰਤਰਾਲੇ ਨੂੰ ਦੱਸਿਆ ਜਾਣਾ ਚਾਹੀਦਾ ਹੈ। ਲਾਂਘਾ ਖੁੱਲ੍ਹਣ ਤੋਂ ਦੋ ਦਿਨ ਪਹਿਲਾਂ ਇਹ ਜਾਣਕਾਰੀ ਦਿੱਤੀ ਗਈ ਹੈ ਪਰ ਦੋ ਦਿਨ ਵਿੱਚ ਪੁਲਿਸ ਵੈਰੀਫਿਕੇਸ਼ਨ ਅਤੇ ਰਜਿਸਟਰੇਸ਼ਨ ਦਾ ਕੰਮ ਨਹੀਂ ਹੋ ਸਕਦਾ।
ਪਾਕਿਸਤਾਨ ਦੇ ਮੈਡੀਕਲ ਸਹੂਲਤਾਂ ਦੇ ਹਾਲਾਤ ਕਿਸੇ ਤੋਂ ਛੁਪੇ ਨਹੀਂ ਅਜਿਹੇ ਵਿੱਚ ਸ਼ਰਧਾਲੂਆਂ ਦੀ ਸਿਹਤ ਵੀ ਮਾਅਨੇ ਰੱਖਦੀ ਹੈ।
ਪਾਕਿਸਤਾਨ ਸ਼ਾਇਦ ਦੁਨੀਆਂ ਨੂੰ ਘੱਟ ਗਿਣਤੀਆਂ ਪ੍ਰਤੀ ਆਪਣੀ ਵਫਾਦਾਰੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਘੱਟ ਗਿਣਤੀ ਹਿੰਦੂ ਅਤੇ ਸਿੱਖ ਬੱਚਿਆਂ ਦਾ ਜ਼ਬਰਨ ਧਰਮ ਪਰਿਵਰਤਨ ਅਤੇ ਵਿਆਹ ਦੇ ਕੇਸ ਕਿਸੇ ਤੋਂ ਛੁਪੇ ਨਹੀਂ ਹਨ ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਮਰਾਨ ਖ਼ਾਨ ਸਰਕਾਰ ਦੇ ਸੌ ਦਿਨ ਪੂਰੇ ਹੋਣ ਤੇ ਦਿੱਤੇ ਆਪਣੇ ਭਾਸ਼ਣ ਵਿੱਚ ਕਰਤਾਰਪੁਰ ਲਾਂਘੇ ਨੂੰ ਇਮਰਾਨ ਖ਼ਾਨ ਸਰਕਾਰ ਦੀ ਇੱਕ ਗੁਗਲੀ ਕਰਾਰ ਦਿੱਤਾ ਸੀ ਜਿਸ ਵਿੱਚ ਭਾਰਤ ਸਰਕਾਰ ਫਸ ਗਈ ਅਤੇ ਉਸ ਨੂੰ ਆਪਣੇ ਦੋ ਮੰਤਰੀ ਲਾਂਘੇ ਦੀ ਗ੍ਰਾਊਂਡ ਬ੍ਰੇਕਿੰਗ ਸੈਰੇਮਨੀ ਵਿੱਚ ਭੇਜਣੇ ਪਏ।
ਕੁਰੈਸ਼ੀ ਦੇ ਇਸ ਬਿਆਨ ਉੱਪਰ ਉਸ ਸਮੇਂ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਖ਼ਤ ਸ਼ਬਦਾਂ ਵਿੱਚ ਇਤਰਾਜ਼ ਜਤਾਇਆ ਸੀ।
ਚਾਹੇ ਪਾਕਿਸਤਾਨ ਸੋਮਵਾਰ ਤੋਂ ਆਪਣੇ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਦਾਅਵਾ ਕਰ ਰਿਹਾ ਹੈ ਪਰ ਇਹ ਸਾਫ਼ ਹੈ ਕਿ ਭਾਰਤ ਸਰਕਾਰ ਅਜੇ ਆਪਣੇ ਵੱਲੋਂ ਲਾਂਘਾ ਖੋਲ੍ਹਣ ਦੇ ਪੱਖ ਵਿੱਚ ਨਹੀਂ ਹੈ ਜਿਸ ਵਿੱਚ ਨਾਗਰਿਕਾਂ ਦੀ ਸਿਹਤ ਦਾ ਹਵਾਲਾ ਦਿੱਤਾ ਜਾ ਰਿਹਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਤੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਨਿਰਮਾਣ ਕੀਤਾ ਸੀ ਜਿਸ ਦਾ ਉਦਘਾਟਨ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਆਪਣੇ ਆਪਣੇ ਪਾਸੇ ਕੀਤਾ ਸੀ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਰਧਾਲੂਆਂ ਦੇ ਪਹਿਲੇ ਜਥੇ ਵਿੱਚ ਸ਼ਾਮਿਲ ਸਨ।