ਗੁਰਦਾਸਪੁਰ: ਸਿਆਚਿਨ ਗਲੇਸ਼ੀਅਰ 'ਚ ਆਏ ਬਰਫ਼ੀਲੇ ਤੂਫਾਨ ਕਾਰਨ ਗੁਰਦਾਸਪੁਰ ਦੇ ਰਹਿਣ ਵਾਲੇ ਮਨਿੰਦਰ ਸਿੰਘ ਸ਼ਹੀਦ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਫ਼ਤਿਹਗੜ੍ਹ ਚੂੜੀਆਂ ਵਿਖੇ ਕੀਤਾ।
ਦੱਸ ਦੇਈਏ ਕਿ ਸ਼ਹੀਦ ਮਨਿੰਦਰ ਸਿੰਘ ਦੇ ਦੇਹ ਨੂੰ ਜਦੋਂ ਫੁੱਲਾਂ ਦੀ ਸਜਾਈ ਗੱਡੀ 'ਚ ਲਿਆਂਦਾ ਗਿਆ ਤਾਂ ਫ਼ਤਿਹਗੜ੍ਹ ਚੂੜੀਆਂ 'ਚ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਫੁੱਲਾਂ ਦੀ ਵਰਖਾ ਨਾਲ ਕੀਤੀ 'ਤੇ ਮਨਿੰਦਰ ਸਿੰਘ ਨੂੰ ਅੰਤਿਮ ਸੱਜਦਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਲਵਿੰਦਰ ਸਿੰਘ ਐਸਡੀਐਮ ਬਟਾਲਾ, ਰਵੀਨੰਦਨ ਸਿੰਘ ਬਾਜਵਾ ਤੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ: ਜ਼ਮਾਨਤ 'ਤੇ ਬਾਹਰ ਹਨੀਪ੍ਰੀਤ ਨੂੰ ਝਟਕਾ, ਹਿੰਸਾ ਭੜਕਾਉਣ ਦੇ ਮਾਮਲੇ 'ਚ ਦੋਸ਼ ਤੈਅ
ਇਸ ਮੌਕੇ ਲੈਫਟੀਨੈਂਟ ਕਰਨਲ ਮਨੋਜ ਸੋਮਾਨਾਥਨ ਅੰਮ੍ਰਿਤਸਰ ਕੈਂਟ ਤੋਂ ਆਈ ਫ਼ੌਜ ਦੀ ਟੁਕੜੀ ਨੇ ਸ਼ਹੀਦ ਮਨਿੰਦਰ ਸਿੰਘ ਨੂੰ ਮਾਤਮੀ ਧੁੰਨ ਵਜਾ ਕੇ ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਫ਼ੌਜ ਦੇ ਉੱਚ ਅਧਿਕਾਰੀਆਂ ਵੱਲੋਂ ਸ਼ਹੀਦ ਮਨਿੰਦਰ ਸਿੰਘ ਨੂੰ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਬਲਵਿੰਦਰ ਸਿੰਘ ਤੇ ਐਸਡੀਐਮ ਨੇ ਕਿਹਾ ਕਿ ਸ਼ਹੀਦ ਪਰਿਵਾਰ ਦੀ ਜੋ ਸੰਭਵ ਮਦਦ ਹੋਵੇ, ਉਹ ਸਰਕਾਰ ਵੱਲੋਂ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸਮੇਂ ਸਿਰ ਹੀ ਸਰਕਾਰ ਵੱਲੋਂ ਮਦਦ ਕੀਤੀ ਜਾਣੀ ਚਾਹੀਦੀ ਹੈ। ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ 'ਤੇ 2 ਕਰੌੜ ਰੁਪਏ ਦਿੱਤੇ ਜਾਣੇ ਚਾਹੀਦੇ ਹਨ। ਇਸ ਨਾਲ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਦਾ ਗੁਜ਼ਾਰਾ ਹੋ ਸਕੇ।
ਜ਼ਿਕਰਯੋਗ ਹੈ ਕਿ ਸ਼ਹੀਦ ਨਾਇਕ ਮਨਿੰਦਰ ਸਿੰਘ ਦਾ ਵਿਆਹ 6 ਸਾਲ ਪਹਿਲਾਂ ਅਕਵਿੰਦਰ ਕੌਰ ਨਾਲ ਹੋਇਆ ਸੀ ਅਤੇ ਮਨਿੰਦਰ ਸਿੰਘ ਦਾ ਇੱਕ ਛੋਟਾ 5 ਸਾਲ ਦਾ ਪੁੱਤਰ ਏਕਮਜੋਤ ਸਿੰਘ ਹੈ ਜਿਸ ਨੇ ਆਪਣੇ ਪਿਤਾ ਦੀ ਚਿਤਾ ਨੂੰ ਮੁੱਖ ਅਗਨੀ ਦਿੱਤੀ।