ਗੁਰਦਾਸਪੁਰ: ਜ਼ਹਿਰੀਲੀ ਸ਼ਰਾਬ ਪੀਣ ਨਾਲ ਪਿਛਲੇ ਦਿਨੀਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਤਰਨ ਤਾਰਨ, ਅੰਮ੍ਰਿਤਸਰ ਅਤੇ ਬਟਾਲਾ 'ਚ 120 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਆਰਥਿਕ ਸਹਾਇਤਾ ਕਰਨ ਲਈ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਵੀ ਕੀਤਾ ਸੀ। ਪਹਿਲਾਂ ਇਸ ਮੁਆਵਜ਼ੇ ਦੀ ਰਕਮ 2 ਲੱਖ ਰੁਪਏ ਸੀ ਪਰ ਬਾਅਦ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਆਵਜ਼ੇ ਦੀ ਰਕਮ 2 ਲੱਖ ਤੋਂ ਵਧਾ 5 ਲੱਖ ਕਰ ਦਿੱਤੀ ਸੀ, ਮੁਆਵਜ਼ੇ ਦੇ ਐਲਾਨ ਤੋਂ ਬਾਅਦ ਵੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਸਰਕਾਰ ਤੋਂ ਨਾਰਾਜ਼ ਹਨ।
ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਵੱਲੋਂ ਉਨ੍ਹਾਂ ਨੂੰ ਮੁਆਵਜ਼ੇ ਦੀ ਰਕਮ ਦੇ ਦਿੱਤੀ ਗਈ ਹੈ, ਪਰ ਇਹ ਰਕਮ ਉਮਰ ਭਰ ਲਈ ਗੁਜ਼ਾਰੇ ਦਾ ਵਸੀਲਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਖ਼ਰਚ, ਰਹਿਣ ਸਹਿਣ ਉਮਰ ਭਰ ਸਰਕਾਰ ਵੱਲੋਂ ਦਿੱਤੇ ਮੁਆਵਜ਼ੇ ਨਾਲ ਨਹੀਂ ਚਲ ਸਕਦਾ। ਉਨ੍ਹਾਂ ਸਰਕਾਰ ਤੋਂ ਗੁਜ਼ਾਰੇ ਦੇ ਪੱਕੇ ਸਾਧਨ ਲਈ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਇਨਾਂ ਪੀੜਤਾਂ ਦੀ ਗੁਹਾਰ ਸੁਣ ਇਨ੍ਹਾਂ ਦੀ ਮੰਗ ਪੂਰੀ ਕਰੇਗੀ ਜਾਂ ਫੇਰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵਾਂਗ ਇਨ੍ਹਾਂ ਨੂੰ ਦਰ ਦਰ ਭਟਕਣ ਲਈ ਮਜਬੂਰ ਹੋਣਾ ਪਵੇਗਾ।