ਗੁਰਦਾਸਪੁਰ: ਪਿੰਡ ਦੋਸਤਪੁਰ ਦੇ ਰਹਿਣ ਵਾਲੇ ਅੰਮ੍ਰਿਤਧਾਰੀ ਨੌਜਵਾਨ ਦਾ ਨਸਲੀ ਵਿਤਕਰੇ ਦੇ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਵਿਤਕਰੇ ਕਰਕੇ ਸ਼ਿਪ ਵਿੱਚ ਕਤਲ ਕਰ ਦਿੱਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ 22 ਸਾਲਾ ਪੁੱਤਰ ਲਸ਼ਮਣ ਸਿੰਘ ਰੋਜ਼ੀ-ਰੋਟੀ ਕਮਾਉਣ ਲਈ 9 ਮਹੀਨੇ ਪਹਿਲਾਂ ਵੀਅਤਨਾਮ ਦੇਸ਼ ਵਿੱਚ ਸ਼ਿਪ (ਸਮੁੰਦਰੀ ਜਹਾਜ਼) ਵਿੱਚ ਕੰਮ ਕਰਨ ਗਿਆ ਸੀ। ਇਸ ਤੋਂ ਬਾਅਦ 26 ਨਵੰਬਰ ਨੂੰ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਦੀ ਸ਼ਿਪ ਤੋਂ ਡਿਗਣ ਨਾਲ ਮੌਤ ਹੋ ਗਈ ਹੈ, ਪਰ ਉਨ੍ਹਾਂ ਨੂੰ ਸ਼ੱਕ ਹੈ ਕਿ ਉਸਦਾ ਕਤਲ ਕੀਤਾ ਗਿਆ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਸ਼ਿਪ ਵਿਚ ਲਸ਼ਮਣ ਸਿੰਘ ਇਕੱਲਾ ਅੰਮ੍ਰਿਤਧਾਰੀ ਸਿੱਖ ਸੀ ਤੇ ਬਾਕੀ ਦੂਜੇ ਦੇਸ਼ ਦੇ ਸ਼ਨ। ਇਸ ਦੇ ਚੱਲਦਿਆਂ ਉਹ ਲੋਕ ਸ਼ਰਾਬ ਪੀ ਕੇ ਲਸ਼ਮਣ ਸਿੰਘ ਨੂੰ ਕੇਸ ਕਟਵਾਉਣ ਤੇ ਸ਼ਰਾਬ ਪੀਣ ਲਈ ਮਜਬੂਰ ਕਰਦੇ ਸ਼ਨ ਤੇ ਰੋਜ ਜ਼ਲੀਲ ਵੀ ਕਰਦੇ ਸਨ।
ਇਸ ਬਾਰੇ ਉਸਨੇ ਕਈ ਵਾਰ ਘਰ ਗੱਲ ਵੀ ਕੀਤੀ ਸੀ ਤੇ ਉਨ੍ਹਾਂ ਦਾ ਕਹਿਣਾ ਕਿ ਜਦੋਂ ਉਸਦੀ ਲਾਸ਼ ਮਿਲੀ ਸੀ ਤਾਂ ਉਸ ਦੇ ਸਰੀਰ 'ਤੇ ਕਿਰਪਾਨ ਵੀ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦਾ ਕਤਲ ਕੀਤਾ ਹੈ।