ਗੁਰਦਾਸਪੁਰ: ਕਸਬਾ ਧਾਰੀਵਾਲ ਵਿਖੇ ਦੋ ਗੁੱਟਾਂ ਦੀ ਪੁਰਾਣੀ ਰੰਜਿਸ਼ ਕਾਰਨ 28 ਦਸੰਬਰ ਦੀ ਸ਼ਾਮ ਨੂੰ ਧਾਰੀਵਾਲ ਦੇ ਮਿੱਲ ਗਰਾਊਂਡ ਵਿਚ ਖੜ੍ਹੇ ਸ਼ੈਲੀ ਨਾਂ ਦੇ ਨੌਜਵਾਨ ਨੂੰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਧਾਰੀਵਾਲ ਪੁਲਿਸ ਨੇ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ, ਹੁਣ ਇਸ ਮਾਮਲੇ ਵਿੱਚ ਪੁਲਿਸ ਨੇ 19 ਸਾਲਾ ਮੋਸਟ ਵਾਂਟੇਡ ਗੈਂਗਸਟਰ ਨਵਦੀਪ ਸਿੰਘ ਉਰਫ ਟਾਈਗਰ ਸਮੇਤ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਗੈਂਗਸਟਰ ਟਾਈਗਰ ਸਾਥੀਆਂ ਸਣੇ ਕਾਬੂ: ਜਦਕਿ ਦਿੱਲੀ ਦਾ ਰਹਿਣ ਵਾਲਾ ਇਹਨਾਂ ਦਾ ਇੱਕ ਸਾਥੀ ਅਜੇ ਵੀ ਫਰਾਰ ਦੱਸਿਆ ਜਾਂਦਾ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਾਬਿਲੇਗੌਰ ਹੈ ਕਿ ਗੈਂਗਸਟਰ ਨਵਦੀਪ ਸਿੰਘ ਉਰਫ ਟਾਈਗਰ ਖਿਲਾਫ 20 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਗੈਂਗਸਟਰ ਹੈਪੀ ਜੱਟ ਦੇ ਸੰਪਰਕ ਵਿਚ ਸੀ ਅਤੇ ਉਸ ਕੋਲੋਂ ਹਥਿਆਰ ਮੰਗਵਾਏ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਪਿਸਤੌਲ, ਕਾਰਤੂਸ, ਇੱਕ ਕਾਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਪੁਲਿਸ ਵਲੋਂ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਪੇਸ਼ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਰੰਜਿਸ਼ ਦੇ ਚੱਲਦੇ ਕੀਤੀ ਸੀ ਵਾਰਦਾਤ: ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦੇ ਹੋਏ ਐੱਸਐੱਸਪੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਬੀਤੀ 28 ਦਸੰਬਰ ਦੀ ਸ਼ਾਮ ਨੂੰ ਦੋ ਧੜਿਆਂ ਦੀ ਪੁਰਾਣੀ ਰੰਜਿਸ਼ ਦੇ ਚੱਲਦਿਆਂ ਧਾਰੀਵਾਲ ਦੀ ਮਿੱਲ ਗਰਾਊਂਡ ਵਿਖੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਸ਼ੈਲੀ ਨੂੰ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਪੁਲਿਸ ਨੇ ਮੁੱਖ ਦੋਸ਼ੀ ਮੋਸਟ ਵਾਂਟੇਡ ਗੈਂਗਸਟਰ ਨਵਦੀਪ ਸਿੰਘ ਉਰਫ ਟਾਈਗਰ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦਾ ਇਕ ਸਾਥੀ ਚਰਨਜੀਤ ਸਿੰਘ ਫਰਾਰ ਹੈ, ਜੋ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਨਵਦੀਪ ਸਿੰਘ ਉਰਫ ਟਾਈਗਰ ਨੂੰ ਆਪਣੇ ਘਰ 'ਚ ਛੁਪਾਇਆ ਹੋਇਆ ਸੀ। ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।
19 ਸਾਲਾ ਟਾਈਗਰ 'ਤੇ 20 ਤੋਂ ਵੱਧ ਮਾਮਲੇ ਦਰਜ: ਐੱਸ.ਐੱਸ.ਪੀ.ਗੁਰਦਾਸਪੁਰ ਨੇ ਦੱਸਿਆ ਕਿ ਇਹ ਨੌਜਵਾਨ ਛੋਟੀ ਉਮਰ 'ਚ ਹੀ ਅਪਰਾਧ ਦੀ ਦੁਨੀਆ 'ਚ ਦਾਖ਼ਲ ਹੋ ਗਿਆ ਸੀ। ਇਸਦੇ ਖਿਲਾਫ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਹੁਣ ਤੱਕ 20 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹੋ ਚੁੱਕੇ ਹਨ। ਟਾਈਗਰ ਅਤੇ ਉਸ ਦੇ ਦੋ ਸਾਥੀਆਂ ਵੱਲੋਂ ਨੌਜਵਾਨ ਸ਼ੈਲੀ 'ਤੇ ਜਿਨ੍ਹਾਂ ਦੋ ਪਿਸਤੌਲਾਂ ਨਾਲ ਗੋਲੀਬਾਰੀ ਕੀਤੀ ਸੀ,ਉਸ ਨੇ ਇਹ ਹਥਿਆਰ ਗੈਂਗਸਟਰ ਹੈਪੀ ਜੱਟ ਤੋਂ ਹੀ ਲਏ ਸਨ ਅਤੇ ਉਹ ਜੇਲ੍ਹ 'ਚ ਹੀ ਇਸ ਗੈਂਗਸਟਰ ਦੇ ਸੰਪਰਕ 'ਚ ਆਇਆ ਸੀ। ਜਦਕਿ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਦੋ ਪਿਸਤੌਲ, ਕਾਰਤੂਸ, ਇੱਕ ਕਾਰ, ਇੱਕ ਮੋਟਰਸਾਈਕਲ ਬਰਾਮਦ ਕਰਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।