ਗੁਰਦਾਸਪੁਰ: ਲੌਕਡਾਊਨ ਦੌਰਾਨ ਚੜੇ ਕਰਜ਼ੇ ਤੋਂ ਪਰੇਸ਼ਾਨ ਗੁਰਦਾਸਪੁਰ 'ਚ ਸਥਿਤ ਅੰਮ੍ਰਿਤਸਰ ਢਾਬੇ 'ਤੇ ਕੰਮ ਕਰਨ ਵਾਲੇ 25 ਸਾਲਾਂ ਨੌਜਵਾਨ ਨੇ ਢਾਬੇ ਵਿੱਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦਾ ਨਾਂਅ ਇੰਦਰ ਹੈ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਮ੍ਰਿਤਕ ਨੌਜਵਾਨ 2 ਮਹੀਨੇ ਤੋਂ ਢਾਬੇ 'ਤੇ ਕੰਮ ਕਰ ਰਿਹਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆ ਢਾਬਾ ਮਲਿਕ ਅਖਿਲ ਨੇ ਦੱਸਿਆ ਕਿ ਢਾਬੇ 'ਤੇ 2 ਮਹੀਨਿਆਂ ਤੋਂ ਇੰਦਰ ਕੰਮ ਕਰ ਰਿਹਾ ਸੀ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇੰਦਰ ਨੇ ਕਈ ਵਾਰ ਕਿਹਾ ਸੀ ਕਿ ਲੌਕਡਾਊਨ ਦੌਰਾਨ ਕੰਮ ਬੰਦ ਹੋਣ ਕਰਕੇ ਉਸ ਉਪਰ ਬਹੁਤ ਕਰਜ਼ਾ ਚੜ੍ਹ ਗਿਆ ਹੈ, ਜਿਸ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਬੀਤੀ ਸੋਮਵਾਰ ਨੂੰ ਉਹ ਆਪਣੇ ਘਰ ਗਿਆ ਸੀ ਅਤੇ ਕੱਲ ਹੀ ਵਾਪਸ ਆਇਆ ਸੀ ਅਤੇ ਸਵੇਰੇ ਉਸ ਨੇ ਢਾਬੇ ਦੇ ਉਤਲੇ ਪੋਸ਼ਣ ਵਿੱਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸਵੇਰੇ ਉਨ੍ਹਾਂ ਦੇ ਦੂਸਰੇ ਨੌਕਰ ਨੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ।
ਇਸ ਸਬੰਧੀ ਪੁਲਿਸ ਅਧਿਕਾਰੀ ਜਬਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚ ਗਏ ਸਨ ਅਤੇ ਮ੍ਰਿਤਕ ਦੇਹ ਨੂੰ ਕਬਜੇ ਵਿਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿਤਾ ਹੈ ਅਤੇ ਮਾਮਲਾ ਦਰਜ ਕਰ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।