ਗੁਰਦਾਸਪੁਰ: ਬਟਾਲਾ ਦੇ ਨਜ਼ਦੀਕ ਪਿੰਡ ਮੂਲੀਆਂਵਾਲ ਵਿਖੇ ਇਕ ਪਤੀ ਪਤਨੀ ਦੀ ਘਰੇਲੂ ਤਕਰਾਰ ਦੇ ਚਲਦੇ ਲੜਕੀ ਦੇ ਪੇਕੇ ਪਰਿਵਾਰ ਵੱਲੋਂ ਆਪਣੇ ਜਵਾਈ ਦੇ ਘਰ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੌਰਾਨ ਘਰ ’ਚ ਮੌਜੂਦ ਇਕੱਲੀ ਲੜਕੇ ਦੀ ਭੈਣ ਕੁਲਜੀਤ ਕੌਰ ਜ਼ਖ਼ਮੀ ਹੋਈ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਲੜਕੀ ਦੇ ਪਰਿਵਾਰ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਮੁਲਜ਼ਮਾਂ ਵੱਲੋਂ ਘਰ ਬਾਹਰ ਹਵਾਈ ਫਾਇਰ ਵੀ ਕੀਤੇ ਗਏ ਹਨ।
ਇਸ ਘਟਨਾ ਵਿੱਚ ਜ਼ਖ਼ਮੀ ਪਿੰਡ ਮੁਲੀਆਵਾਲ ਤੋਂ ਜਖ਼ਮੀ ਹਾਲਤ ’ਚ ਕੁਲਜੀਤ ਕੌਰ ਨੂੰ ਸਿਵਲ ਹਸਪਤਾਲ ਬਟਾਲਾ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਘਟਨਾ ਨੂੰ ਲੈਕੇ ਪੀੜਤ ਲੜਕੀ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਕੁਲਜੀਤ ਕੌਰ ਦੇ ਭਰਾ ਗੁਰਜੀਤ ਸਿੰਘ ਅਤੇ ਉਸਦੀ ਪਤਨੀ ਸੰਦੀਪ ਕੌਰ ਵਿਚਕਾਰ ਘੇਰਲੂ ਝਗੜਾ ਹੋਇਆ ਅਤੇ ਜਿਸ ਦੇ ਚੱਲਦੇ ਪਹਿਲਾ ਬੀਤੀ ਰਾਤ ਨੂੰ ਵੀ ਸੰਦੀਪ ਦੇ ਪੇਕਾ ਪਰਿਵਾਰ ਨੇ ਉਨ੍ਹਾਂ ਦੇ ਘਰ ਆ ਲੜਾਈ ਕੀਤੀ। ਜਿਸ ਤੋਂ ਬਾਅਦ ਸ਼ਖ਼ਸ ਦੀ ਪਤਨੀ ਸੰਦੀਪ ਆਪਣੇ ਪਰਿਵਾਰ ਨਾਲ ਪੇਕੇ ਚਲੀ ਗਈ ਜਿਸ ਤੋਂ ਬਾਅਦ ਫਿਰ ਸੰਦੀਪ ਕੌਰ ਦੇ ਪੇਕੇ ਪਰਿਵਾਰ ਅਤੇ ਉਨ੍ਹਾਂ ਨਾਲ ਕੁਝ ਅਣਪਛਾਤੇ ਲੋਕਾਂ ਵਲੋਂ ਆਪਣੇ ਜਵਾਈ ਗੁਰਜੀਤ ਸਿੰਘ ਦੇ ਘਰ ਆ ਹਮਲਾ ਕਰ ਦਿੱਤਾ।
ਇਸ ਦੌਰਾਨ ਉਨ੍ਹਾਂ ਜਿਥੇ ਘਰ ’ਚ ਨੁਕਸਾਨ ਕੀਤਾ ਉਥੇ ਹੀ ਘਰ ’ਚ ਇਕੱਲੀ ਮੌਜੂਦ ਗੁਰਜੀਤ ਸਿੰਘ ਦੀ ਭੈਣ ਕੁਲਜੀਤ ਕੌਰ ਦੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਸਨੂੰ ਜ਼ਖ਼ਮੀ ਕਰ ਦਿੱਤਾ। ਉਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਮਲਾਵਾਰਾਂ ਵੱਲੋਂ ਹਵਾਈ ਫਾਇਰ ਵੀ ਕੀਤੇ ਗਏ ਅਤੇ ਵਾਰਦਾਤ ਨੂੰ ਅੰਜ਼ਾਮ ਦੇਣ ਬਾਅਦ ਮੌਕੇ ਤੋਂ ਫਰਾਰ ਹੋ ਗਏ।
ਓਧਰ ਪੁਲਿਸ ਥਾਣਾ ਸਦਰ ਬਟਾਲਾ ਦੀ ਇੰਚਾਰਜ ਸਿਮਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਖਮੀ ਕੁਲਜੀਤ ਕੌਰ ਜੋ ਸਿਵਲ ਹਸਪਤਾਲ ਬਟਾਲਾ ’ਚ ਇਲਾਜ ਅਧੀਨ ਹੈ ਦੇ ਬਿਆਨ ਦਰਜ਼ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਥੇ ਹੀ ਉਨ੍ਹਾਂ ਪੁਸ਼ਟੀ ਕੀਤੀ ਕਿ ਹਮਲਾ ਕਰਨ ਵਾਲਿਆਂ ਵੱਲੋਂ ਹਵਾਈ ਫਾਇਰ ਵੀ ਕੀਤੇ ਗਏ ਹਨ ਜਿਸ ਦੇ ਮੌਕੇ ਤੋਂ ਖੋਲ ਵੀ ਬਰਾਮਦ ਕੀਤੇ ਗਏ ਹਨ ਅਤੇ ਥਾਣਾ ਇੰਚਾਰਜ ਨੇ ਦਾਅਵਾ ਕੀਤਾ ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: 22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ