ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਵਿੱਚ ਆਏ ਦਿਨ ਗੁੰਡਾਗਰਦੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਦਿਨ-ਦਿਹਾੜੇ ਗੁਰਦਾਸਪੁਰ ਦੇ ਜਹਾਜ ਚੌਂਕ ਨੇੜੇ ਕਾਰ ਸਵਾਰ 6 ਦੇ ਕਰੀਬ ਹਮਲਾਵਰਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਨੌਜਵਾਨ ਦਾ ਇੱਕ ਹੱਥ ਵੱਢ ਦਿੱਤਾ। ਜਦੋਂ ਹਮਲਾਵਰ ਭੱਜਣ ਲੱਗੇ ਤਾਂ ਸਾਹਮਣੇ ਤੋਂ ਪੁਲਿਸ ਨੂੰ ਆਉਂਦਿਆਂ ਦੇਖ ਆਪਣੀ ਕਾਰ ਨੂੰ ਉੱਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।
ਨੌਜਵਾਨ ਦਾ ਵੱਢਿਆ ਗੁੱਟ: ਇਸ ਤੋਂ ਬਾਅਦ ਪੁਲਿਸ ਨੇ ਜ਼ਖਮੀ ਨੌਜਵਾਨ ਨੂੰ ਤੁਰੰਤ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਨੇ ਮੁਲਜ਼ਮਾਂ ਦੀ ਕਾਰ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਲੜਕੇ ਦੀ ਮਾਤਾ ਆਸ਼ਾ ਨੇ ਦੱਸਿਆ ਕਿ ਉਸਦੇ ਲੜਕੇ ਦਾ ਨਾਮ ਰਾਜਨ ਹੈ ਅਤੇ ਉਹ ਬੀ.ਐਸ.ਐਫ ਚੌਕ ਗੁਰਦਾਸਪੁਰ ਦੇ ਰਹਿਣ ਵਾਲ਼ੇ ਹਨ। ਉਸ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਉਸਦਾ ਲੜਕਾ ਕਿਸੇ ਕੰਮ ਲਈ ਘਰੋਂ ਗਿਆ ਸੀ ਅਤੇ ਕੁਝ ਸਮੇਂ ਬਾਅਦ ਹੀ ਉਸ ਨੂੰ ਫੋਨ ਆਇਆ ਕਿ ਉਸ ਦੇ ਲੜਕੇ ਦੀ ਕੁਝ ਲੜਕਿਆਂ ਨਾਲ ਲੜਾਈ ਹੋ ਗਈ ਹੈ ਅਤੇ ਲੜਕਿਆਂ ਨੇ ਉਸਦੇ ਬੇਟੇ ਦਾ ਇੱਕ ਹੱਥ ਵੱਢ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਹੈ ਅਤੇ ਉਸ ਦੇ ਲੜਕੇ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੀੜਤ ਮਹਿਲਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਅੰਦਰ ਸ਼ਰੇਆਮ ਦਿਨ-ਦਿਹਾੜੇ ਗੁੰਡਾਗਰਦੀ ਕਰਕੇ ਉਸਦੇ ਬੇਟੇ ਨੂੰ ਜ਼ਖਮੀ ਕਰਨ ਵਾਲੇ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
- ਲੁਧਿਆਣਾ ਵਿੱਚ ਸਤਲੁਜ ਦਰਿਆ ਤੇ ਬੁੱਢੇ ਨਾਲੇ ਦਾ ਕਹਿਰ, 3 ਪੁਲ਼ ਟੁੱਟੇ, ਲੋਕਾਂ ਦੇ ਘਰਾਂ 'ਚ ਵੜਿਆ ਪਾਣੀ
- ਹੜ੍ਹਾਂ ਤੋਂ ਬਾਅਦ ਹੁਣ ਪੰਜਾਬ ਵਿੱਚ ਬਿਮਾਰੀਆਂ ਵੱਧਣ ਦਾ ਖਦਸ਼ਾ, ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ - ਖਾਸ ਰਿਪੋਰਟ
- Punjab School Holidays Extend: ਪੰਜਾਬ 'ਚ ਸਾਰੇ ਨਿੱਜੀ ਤੇ ਸਰਕਾਰੀ ਸਕੂਲਾਂ ਦੀਆਂ ਛੁੱਟੀਆਂ 'ਚ ਵਾਧਾ, ਹੁਣ ਇਸ ਦਿਨ ਤੋਂ ਖੁੱਲ੍ਹਣਗੇ ਸਕੂਲ
ਹਮਲਾਵਰ ਹੋਏ ਫਰਾਰ: ਮੌਕੇ 'ਤੇ ਖੜ੍ਹੇ ਇਕ ਨੌਜਵਾਨ ਰੂਬਲ ਨੇ ਦੱਸਿਆ ਕਿ ਕੁਝ ਹਮਲਾਵਰਾਂ ਨੇ ਉਸ ਦੇ ਸਾਹਮਣੇ ਹੀ ਲੜਕੇ 'ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਇੱਕ ਹੱਥ ਵੱਡ ਦਿੱਤਾ । ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਸਾਰੇ ਮੁਲਜ਼ਮ ਉੱਥੋਂ ਫਰਾਰ ਹੋ ਗਏ ਅਤੇ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੀ ਐਸਐਚਓ ਕਰਿਸ਼ਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਲੜਕਿਆਂ ਨੇ ਜਹਾਜ਼ ਚੌਂਕ ਨੇੜੇ ਇੱਕ ਨੌਜਵਾਨ ਰਾਜਨ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਮੁਲਜ਼ਮ ਕਾਰ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਜ਼ਖ਼ਮੀ ਲੜਕੇ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।