ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬੇਮੌਸਮੀ ਬਰਸਾਤ ਕਰਕੇ ਖਰਾਬ ਹੋਈਆਂ ਫ਼ਸਲਾਂ ਦੀਆਂ 10 ਅਪ੍ਰੈਲ ਤੱਕ ਗਿਰਦਾਵਰੀਆਂ ਕਰਵਾ ਕੇ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦੇ ਲਈ ਵੀ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਗੁਰਦਾਸਪੁਰ ਦੇ ਕਈ ਅਜਿਹੇ ਪਿੰਡ ਹਨ ਜਿਹਨਾਂ ਪਿੰਡਾਂ ਵਿੱਚ ਹੁਣ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਪਹੁੰਚ ਨਹੀਂ ਕੀਤੀ। ਜਿਸ ਕਰਕੇ ਕਿਸਾਨਾਂ ਵਿੱਚ ਰੋਸ ਦੀ ਲਹਿਰ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੇਮੌਸਮੀ ਬਰਸਾਤ ਨੇ ਵੱਡਾ ਝਟਕਾ ਲਾਇਆ ਹੈ, ਪਰ ਸਰਕਾਰ ਜਿੰਨਾ ਮੁਆਵਜ਼ਾ ਕਿਸਾਨਾਂ ਨੂੰ ਦੇਣ ਦੀ ਗੱਲ ਕਹਿ ਰਹੀ ਹੈ ਉਹ ਬਹੁਤ ਘੱਟ ਹੈ।
ਖੁਦਕੁਸ਼ੀਆਂ ਲਈ ਮਜਬੂਰ: ਪਿੰਡ ਬਖ਼ਤਪੁਰ ਦੇ ਕਿਸਾਨਾਂ ਜੀਵਨ ਸਿੰਘ ,ਅਮਰਜੀਤ ਸਿੰਘ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਕੁਝ ਕਿੱਲੇ ਪੈਲੀ ਉੱਤੇ ਉਨ੍ਹਾਂ ਦੀ ਆਪਣੀ ਮਲਕੀਅਤ ਹੈ ਅਤੇ ਕੁਝ ਪੈਲੀ ਉਹਨਾਂ ਨੇ ਠੇਕੇ ਉੱਤੇ ਲੈ ਰੱਖੀ ਹੈ। ਬੇਮੌਸਮੀ ਬਰਸਾਤ ਕਾਰਨ ਲਗਭਗ ਸਾਰੀ ਦੀ ਸਾਰੀ ਕਣਕ ਵਿਛ ਗਈ ਅਤੇ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਪਿੰਡ ਦੀ ਲਗਭਗ ਸਾਢੇ ਤਿੰਨ ਸੌ ਕਿੱਲੇ ਪੈਲੀ ਵਿੱਚੋਂ 200 ਕਿੱਲੇ ਦੇ ਕਰੀਬ ਪੈਲੀ ਦੀ ਕਣਕ ਖਰਾਬ ਹੋ ਚੁੱਕੀ ਹੈ ਪਰ ਇਲਾਕੇ ਵਿੱਚ ਅਜੇ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਪਟਵਾਰੀ ਨਹੀਂ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਪੰਦਰਾਂ ਹਜ਼ਾਰ ਰੁਪਏ ਦਾ ਮੁਆਵਜ਼ਾ ਘੋਸ਼ਿਤ ਕੀਤਾ ਗਿਆ ਹੈ ਉਹ ਬਹੁਤ ਹੀ ਘੱਟ ਹੈ। ਇਸ ਤੋਂ ਵੱਧ ਤਾਂ ਫ਼ਸਲ ਬੀਜਣ ਵਿੱਚ ਹੀ ਖਰਚਾ ਆ ਜਾਂਦਾ ਹੈ। ਜੇ ਸਰਕਾਰ ਵੱਲੋਂ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਫਿਰ ਤੋਂ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ।
ਪਟਵਾਰੀਆਂ ਨੇ ਦਿੱਤਾ ਜਵਾਬ: ਉਨ੍ਹਾਂ ਕਿਹਾ ਅਜਿਹੇ ਹਾਲਾਤਾਂ ਵਿੱਚ ਕਰਜ਼ੇ ਥੱਲੇ ਦਬਿਆ ਕਿਸਾਨ ਆਤਮ-ਹੱਤਿਆ ਕਰਨ ਲਈ ਮਜਬੂਰ ਹੋ ਜਾਵੇਗਾ। ਦੂਜੇ ਪਾਸੇ ਮੌਕੇ ਉੱਤੇ ਪਹੁੰਚੇ ਸਾਡਾ ਪੰਜਾਬ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਇੰਦਰਪਾਲ ਸਿੰਘ ਨੇ ਜਦੋਂ ਇਲਾਕੇ ਦੇ ਪਟਵਾਰੀ ਨੂੰ ਫੋਨ ਲਗਾਇਆ ਅਤੇ ਉਸ ਨੂੰ ਅਜੇ ਤੱਕ ਇਲਾਕੇ ਵਿੱਚ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਇਲਾਕੇ ਵਿੱਚੋਂ 24 ਪਟਵਾਰੀ ਚਾਹੀਦੇ ਹਨ ਪਰ ਸਿਰਫ ਸੱਤ ਪਟਵਾਰੀ ਕੰਮ ਕਰ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਇੰਨੀ ਜਲਦੀ ਸਾਰੇ ਇਲਾਕੇ ਵੇਖ ਲੈਣਾ ਮੁਸ਼ਕਲ ਹੈ। ਉੱਥੇ ਹੀ ਇਸ ਮੌਕੇ ਉੱਤੇ ਪਹੁੰਚੇ ਕਿਸਾਨ ਆਗੂ ਇੰਦਰਪਾਲ ਸਿੰਘ ਬੈਂਸ ਨੇ ਜਦੋਂ ਇਲਾਕੇ ਦੇ ਪਟਵਾਰੀ ਨੂੰ ਫੋਨ ਲਗਾ ਦਿੱਤਾ ਅਤੇ ਫੇਰਾ ਨਾ ਮਾਰਨ ਦਾ ਕਾਰਨ ਪੁੱਛਿਆ ਤਾਂ ਪਟਵਾਰੀ ਦਾ ਕਹਿਣਾ ਸੀ ਕਿ ਇਲਾਕੇ ਵਿੱਚ ਸਿਰਫ ਕੁੱਝ ਹੀ ਪਟਵਾਰੀ ਕੰਮ ਕਰ ਰਹੇ ਹਨ ਜਦ ਕਿ ਜ਼ਰੂਰਤ 24 ਪਟਵਾਰੀਆਂ ਦੀ ਹੈ। ਜਦੋਂ ਇੰਦਰਪਾਲ ਸਿੰਘ ਨੇ ਉਸ ਤੋਂ ਪੁੱਛਿਆ ਕਿ ਕੀ ਉਹ 10 ਤਰੀਕ ਤੱਕ ਆਪਣੇ ਸਾਰੇ ਇਲਾਕੇ ਦਾ ਕੰਮ ਨਿਪਟਾ ਲਵੇਗਾ ? ਤਾਂ ਉਸ ਨੇ ਕਿਹਾ ਕਿ 10 ਤਰੀਕ ਤੱਕ ਸਿਰਫ ਇਕ ਨਜ਼ਰ ਮਾਰ ਕੇ ਆਪਣੀ ਰਿਪੋਰਟ ਭੇਜਣੀ ਹੈ। ਨਾਂ ਵਗੈਰਾ ਲਿਖਣ ਦਾ ਕੰਮ ਬਾਅਦ ਵਿੱਚ ਹੋਵੇਗਾ।
ਇਹ ਵੀ ਪੜ੍ਹੋ: Jathedar Harpreet Singh: ਜਥੇਦਾਰ ਹਰਪ੍ਰੀਤ ਸਿੰਘ ਨੇ ਸਿੱਖ ਫੋਬੀਆ ਖ਼ਿਲਾਫ਼ ਲੜਨ ਲਈ ਤਿਆਰ ਕੀਤਾ ਰੋਡ ਮੈਪ