ਗੁਰਦਾਸਪੁਰ : ਸ਼ਹਿਰ ਦੇ ਥਾਣਾ ਦੋਰਾਂਗਲਾ ਦੇ ਅਧੀਨ ਪੈਂਦੇ ਪਿੰਡ ਬਾਊਪੁਰ ਅਫਗਾਨਾਂ ਦੇ ਕਿਸਾਨ ਦੇ ਖੇਤ ਵਿੱਚੋਂ ਨਸ਼ੀਲੇ ਪਦਾਰਥ (ਸੰਭਾਵਿਤ ਹੈਰੋਇਨ) ਦੇ 2 ਪੈਕਟ ਮਿਲਣ ਦੀ ਖ਼ਬਰ ਮਿਲੀ ਹੈ। ਸੂਤਰਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਕਿਸਾਨ ਜਰਨੈਲ ਸਿੰਘ ਨੂੰ ਆਪਣੇ ਖੇਤ ਵਿੱਚੋਂ ਕਣਕ ਦੀ ਵਾਢੀ ਤੋਂ ਬਾਅਦ ਤੂੜੀ ਬਣਾਉਣ ਲੱਗਿਆ ਤਾਂ ਇਕ ਐਡੀਡਾਸ ਕੰਪਨੀ ਦਾ ਬੈਗ ਮਿਲਿਆ, ਜਿਸ ਨੂੰ ਖੋਲ੍ਹਣ ਉਤੇ ਉੱਸ ਵਿੱਚੋਂ 2 ਪੈਕਟ ਨਿਕਲੇ ਤਾਂ ਕਿਸਾਨ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਬੈਗ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਵਲੋਂ ਦੋਵੇਂ ਪੈਕਟ ਅਤੇ ਬੈਗ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਬੀਐਸਐਫ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਆਲੇ-ਦੁਆਲੇ ਦੇ ਖੇਤਾਂ ਵਿਚ ਡਾਗ ਸਕੁਐਡ ਦੀ ਟੀਮ ਨੂੰ ਨਾਲ ਲੈ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨੀਂ ਇਸ ਇਲਾਕੇ ਵਿਚ ਇਕ ਪਾਕਿਸਤਾਨੀ ਡਰੋਨ ਦੀ ਗਤੀਵਿਧੀ ਦੇਖੀ ਗਈ ਹੈ।
ਬੀਤੀ ਰਾਤ ਅੰਮ੍ਰਿਤਸਰ ਤੋਂ ਵੀ ਬਰਾਮਦ ਹੋਈ ਹੈਰੋਇਨ : ਬੀਤੀ ਰਾਤ ਬੀਐਸਐਫ ਵੱਲੋਂ ਜਾਰੀ ਸੂਚਨਾ ਅਨੁਸਾਰ ਬਟਾਲੀਅਨ 22 ਦੇ ਜਵਾਨ ਅਟਾਰੀ ਸਰਹੱਦ ਨੇੜੇ ਧਨੋਆ ਕਲਾਂ 'ਚ ਗਸ਼ਤ ’ਤੇ ਸਨ। ਰਾਤ ਕਰੀਬ ਸਾਢੇ 8 ਵਜੇ ਡਰੋਨ ਦੀ ਆਵਾਜ਼ ਹਲਚਲ ਸੁਣਾਈ ਦਿੱਤੀ। ਡਰੋਨ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫਾਇਰਿੰਗ ਹੋਣ ਮਗਰੋਂ ਬਾਅਦ ਡਰੋਨ ਪਰਤ ਗਿਆ। ਇਸ ਤੋਂ ਬਾਅਦ ਪਿੰਡ ਧਨੋਆ ਕਲਾਂ ਨੂੰ ਸੀਲ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਸੁਰੱਖਿਆ ਜਾਂਚ ਤੋਂ ਬਾਅਦ ਜਦੋਂ ਬਰਾਮਦ ਹੋਈ ਖੇਪ ਨੂੰ ਖੋਲ੍ਹਿਆ ਗਿਆ, ਤਾਂ ਜਵਾਨਾਂ ਨੂੰ ਉਸ ਵਿੱਚ ਹੈਰੋਇਨ ਦੇ ਤਿੰਨ ਪੈਕੇਟ ਮਿਲੇ। ਇਸ ਦਾ ਕੁੱਲ ਵਜ਼ਨ ਲਗਭਗ 3 ਕਿਲੋ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤੀਆਂ ਗਈਆਂ ਚੀਜ਼ਾਂ ਵਿੱਚ ਹੁੱਕ, ਰਿੰਗ ਤੇ ਬਲਿੰਕਰ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ ਦੇ 'ਆਪ' ਆਗੂਆਂ ਵੱਲੋਂ ਸਿੰਘੂ ਬਾਰਡਰ 'ਤੇ ਕੇਜਰੀਵਾਲ ਦੇ ਸਮਰਥਨ 'ਚ ਰੋਸ਼ ਪ੍ਰਦਰਸ਼ਨ, ਪੁਲਿਸ ਨੇ ਉਨ੍ਹਾਂ ਨੂੰ ਦਿੱਲੀ 'ਚ ਦਾਖਲ ਹੋਣ ਤੋਂ ਰੋਕਿਆ
ਪੰਜਾਬ ਵਿੱਚ ਲਗਾਤਾਰ ਤਿੰਨ ਦਿਨਾਂ ਵਿੱਚ ਬਰਾਮਦ ਹੋਈ ਹੈਰੋਇਨ : ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਅੰਮ੍ਰਿਤਸਰ ਦੇ ਪਿੰਡ ਬਚੀਵਿੰਡ ਵਿਖੇ ਕਣਕ ਦੇ ਖੇਤਾਂ ਵਿੱਚ ਡਰੋਨ ਉਤੇ ਕੋਈ ਵਸਤੂ ਡਿੱਗਣ ਦੀ ਆਵਾਜ਼ ਸੁਣੀ ਗਈ ਸੀ, ਜਦੋਂ ਬੀਐਸਐਫ ਨੇ ਇਲਾਕੇ ਦੀ ਤਲਾਸ਼ੀ ਲਈ ਤਾਂ ਜਵਾਨਾਂ ਨੂੰ ਉਥੋਂ ਤਿੰਨ ਪੈਕੇਟ ਹੈਰੋਇਨ ਦੇ ਬਰਾਮਦ ਹੋਏ। ਪੈਕੇਟਾਂ ਵਿੱਚ ਤਕਰੀਬਨ 3.2 ਕਿਲੋਗ੍ਰਾਮ ਹੈਰੋਇਨ ਸੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 21 ਕਰੋੜ ਦੱਸੀ ਜਾ ਰਹੀ ਹੈ।