ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਪੰਜਗਰਾਈਆਂ ਦੇ ਨਜ਼ਦੀਕ ਪਿੰਡ ਮੀਰਪੁਰ ਦਾ ਰਹਿਣ ਵਾਲਾ ਇਕ ਕਿਸਾਨ ਕੁਲਵੰਤ ਸਿੰਘ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਇਆ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਵੀਡੀਓ ਵਿਚ ਇਹ ਕਿਸਾਨ ਬਲਦਾਂ ਨਾਲ ਆਪਣਾ ਖੇਤ ਜੋਤ ਰਿਹਾ ਸੀ। ਜਦੋਂ ਈਟੀਵੀ ਭਾਰਤ ਦੀ ਟੀਮ ਵੱਲੋਂ ਕਿਸਾਨ ਦੇ ਪਿੰਡ ਜਾ ਕੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਬਲਦਾਂ ਨਾਲ ਖੇਤੀ ਕਰਨਾ ਕਿਸਾਨ ਦਾ ਸ਼ੌਂਕ ਨਹੀਂ ਬਲਕਿ ਮਜ਼ਬੂਰੀ ਹੈ।
ਈਟੀਵੀ ਭਾਰਤੀ ਦੀ ਟੀਮ ਵੱਲੋਂ ਕਿਸਾਨ ਪਰਿਵਾਰ ਨਾਲ ਖਾਸ ਗੱਲਬਾਤ
ਕਿਸਾਨ ਕੁਲਵੰਤ ਸਿੰਘ ਤਿੰਨ ਕਨਾਲਾਂ ਪੈਲੀ ਦਾ ਮਾਲਕ ਤਾਂ ਹੈ ਪਰ ਮਹਿੰਗਾਈ ਦੇ ਦੌਰ ਵਿਚ ਤਿੰਨ ਕਨਾਲਾਂ ਨਾਲ ਟੱਬਰ ਪਾਲਣਾ ਬਹੁਤ ਮੁਸ਼ਕਿਲ ਹੈ। ਬੱਚਿਆਂ ਨੂੰ ਵੀ ਗਰੀਬੀ ਕਾਰਨ ਪ੍ਰਾਈਵੇਟ ਸਕੂਲਾਂ ਵਿੱਚ ਨਹੀਂ ਪੜ੍ਹਾ ਸਕਦਾ ਜਿਸ ਕਰਕੇ ਦੋਵੇਂ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ ਅਤੇ ਸਕੂਲਾਂ ਦੇ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਪਿਤਾ ਨਾਲ ਖੇਤਾਂ ਦੇ ਵਿੱਚ ਕੰਮ ਵੀ ਕਰਵਾਉਂਦੇ ਹਨ।
ਸਿਰ ਕਰਜ਼ਾ ਚੜ੍ਹਨ ਤੋਂ ਡਰਦਾ ਹੈ ਕਿਸਾਨ ਪਰਿਵਾਰ
ਕਿਸਾਨ ਦੇ ਪੁੱਤ ਬਲਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਕਰਜ਼ਾ ਨਹੀਂ ਲੈਂਦਾ ਕਿਉਂਕਿ ਉਸਦੇ ਪਿਤਾ ਨੂੰ ਪਤਾ ਹੈ ਕਿ ਕਰਜ਼ਾ ਲਿਆ ਬਾਅਦ ਵਿੱਚ ਵਾਪਸ ਕਰਨਾ ਮੁਸ਼ਕਿਲ ਹੋ ਜਾਵੇਗਾ ਇਸ ਲਈ ਉਸਦਾ ਪਿਤਾ ਸਿਰ ਕਰਜ਼ਾ ਚੜ੍ਹਾਉਣਾ ਨਹੀਂ ਚਾਹੁੰਦਾ।
ਬਲਦਾਂ ਨਾਲ ਖੇਤੀ ਕਰਨ ਲਈ ਮਜ਼ਬੂਰ ਕਿਸਾਨ ਪਰਿਵਾਰ
ਬਲਰਾਜ ਨੇ ਦੱਸਿਆ ਕਿ ਉਹ ਮਜ਼ਬੂਰੀ ਵਸ ਹੀ ਬਲਦਾਂ ਦੇ ਨਾਲ ਖੇਤੀ ਕਰਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਸਮਾਂ ਲੱਗਦਾ ਹੈ ਤਾਂ ਉਹ ਆਪਣੇ ਦਿਹਾੜੀ ‘ਤੇ ਵੀ ਚਲੇ ਜਾਂਦੇ ਹਨ। ਨੌਜਵਾਨ ਕਿਸਾਨ ਨੇ ਦੱਸਿਆ ਕਿ ਉਹ ਦਸਵੀਂ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਸਰਕਾਰ ਨੌਕਰੀ ਲਈ ਮਿਹਨਤ ਵੀ ਕਰ ਰਿਹਾ ਹੈ।
ਸਰਕਾਰ ਕੋਲ ਮਦਦ ਦੀ ਗੁਹਾਰ
ਗੱਲਬਾਤ ਕਰਦਿਆਂ ਕਿਸਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਛੋਟੇ ਜ਼ਿਮੀਂਦਾਰਾਂ ਦੀ ਲਿਮਟ ਵੀ ਨਹੀਂ ਬਣਾਉਂਦੀ ਅਤੇ ਨਾ ਹੀ ਸਬਸਿਡੀ ‘ਤੇ ਕਰਜ਼ਾ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਜੋ ਕਰਜ਼ੇ ਬੈਂਕ ਵਿੱਚੋਂ ਮਿਲਦੇ ਹਨ ਉਨ੍ਹਾਂ ਦੇ ਵਿਆਜ਼ ਕਾਫ਼ੀ ਹੈ ਜੋ ਉਸ ਦੀ ਹੈਸੀਅਤ ਤੋਂ ਬਾਹਰ ਹੈ ਇਸ ਲਈ ਉਹ ਆਪਣੇ ਖੇਤਾਂ ਵਿਚ ਬਲਦਾਂ ਦੀ ਸਹਾਇਤਾ ਨਾਲ ਹੀ ਖੇਤੀ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਕੁਝ ਹੋਰ ਕਿਸਾਨ ਵੀ ਉਸ ਨੂੰ ਆਪਣੀ ਪੈਲੀ ਵਾਉਣ ਲਈ ਬੁਲਾਉਂਦੇ ਹਨ ਕਿਉਂਕਿ ਖੇਤਾਂ ਦੇ ਕੁੱਝ ਹਿੱਸਿਆਂ ਵਿਚ ਟ੍ਰੈਕਟਰ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ:ਕੁੱਤੇ ਪਿੱਛੇ ਕੁੜੀ ਨੂੰ ਵਾਲ੍ਹਾਂ ਤੋਂ ਘੜੀਸ ਮਾਰੇ ਠੁੱਡੇ, ਵੀਡੀਓ ਵਾਇਰਲ