ਗੁਰਦਾਸਪੁਰ: ਬੀਤੇ ਕੱਲ ਸ਼ਾਮ ਤੋਂ ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਪਏ ਤੇਜ਼ ਮੀਂਹ ਅਤੇ ਗੜ੍ਹੇਮਾਰੀ ਦੇ ਚੱਲਦੇ ਕਿਸਾਨਾਂ ਦੀਆ ਮੰਡੀਆਂ ‘ਚ ਪਈ ਝੋਨੇ ਦੀ ਫਸਲ ਅਤੇ ਖਾਸ ਕਰ ਖੜ੍ਹੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਏ ਹੈ। ਉਥੇ ਹੀ ਡੇਰਾ ਬਾਬਾ ਨਾਨਕ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਦੀ ਫਸਲ ਵੀ ਚੰਗੀ ਸੀ ਅਤੇ ਝਾੜ ਵੀ ਚੰਗਾ ਆਉਣਾ ਸੀ ਪਰ ਹੋਈ ਗੜ੍ਹੇਮਾਰੀ ਨੇ ਉਨ੍ਹਾਂ ਦੀਆ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਅਤੇ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ।
ਉਥੇ ਹੀ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਦੱਸਿਆ ਕਿ ਬੀਤੇ ਕਲ ਹੋਈ ਬੇਮੌਸਮੀ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਪਿਛਲੇ ਕਈ ਸਾਲਾਂ ‘ਚ ਅਜਿਹੇ ਹਾਲਾਤ ਨਹੀਂ ਬਣੇ ਅਤੇ ਇਸਦੇ ਚੱਲਦੇ ਹੀ ਹਲਕਾ ਡੇਰਾ ਬਾਬਾ ਨਾਨਕ ਅਤੇ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ‘ਚ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਕਿਸਾਨਾਂ ਦੀਆ ਖੜੀਆ ਫਸਲਾਂ ਜਿੰਨ੍ਹਾਂ ‘ਚ ਮੁਖ ਤੌਰ ‘ਤੇ ਬਾਸਮਤੀ ਸਬਜ਼ੀਆਂ ਆਦਿ ਹਨ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਹੋਏ ਨੁਕਸਾਨ ਨੂੰ ਲੈਕੇ ਪ੍ਰਸ਼ਾਸ਼ਨ ਨੂੰ ਸਪੈਸ਼ਲ ਗਿਰਦਾਵਰੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਦੇ ਨਾਲ ਹੀ ਇਹ ਵੀ ਆਦੇਸ਼ ਦਿੱਤੇ ਹਨ ਕਿ ਇਮਾਨਦਾਰੀ ਨਾਲ ਗਿਰਦਾਵਰੀ ਕੀਤੀ ਜਾਵੇ ਜੋ ਕਿਸਾਨ ਪ੍ਰਭਾਵਿਤ ਹਨ ਉਨ੍ਹਾਂ ਨੂੰ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ | ਨਾਲ ਹੀ ਕਿਸਾਨਾਂ ਤੇ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਕੋਈ ਮੁਵਾਜ਼ਮ ਲੈਣ ਦੇ ਚੱਕਰ ਵਿੱਚ ਗਲਤ ਕੰਮ ਕਰੇਗਾ ਭਾਵੇਂ ਉਹ ਕਿਸਾਨ ਹੋਵੇ ਜਾਂ ਮੁਲਾਜ਼ਮ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਉਪ ਮੁਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਦੱਸਿਆ ਕਿ ਕੇਂਦਰ ਵੱਲੋਂ ਬੀਐਸਐਫ ਦਾ ਦਾਇਰਾ ਵਧਾਉਣ ਨੂੰ ਲੈਕੇ ਕੱਲ ਸਰਬ ਪਾਰਟੀ ਮੀਟਿੰਗ ਬੁਲਾਈ ਗਈ ਹੈ ਅਤੇ ਮੀਟਿੰਗ ‘ਚ ਹੋਰਨਾਂ ਪਾਰਟੀਆਂ ਦੀ ਰਾਇ ਲਈ ਜਾਏਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ‘ਤੇ ਦਬਾਅ ਬਣਾਇਆ ਜਾਵੇਗਾ ਕਿ ਉਹ ਪੰਜਾਬੀਆਂ ਦੀ ਦੇਸ਼ ਭਗਤੀ ‘ਤੇ ਸਵਾਲ ਨਾ ਚੁੱਕਣ ਅਤੇ ਗਲਤ ਨਿਗਾਹ ਨਾਲ ਪੰਜਾਬੀਆਂ ਨੂੰ ਨਾ ਵੇਖਣ ਅਤੇ ਉਸ ਫੈਸਲੇ ਨੂੰ ਵਾਪਿਸ ਲੈਣ।