ਗੁਰਦਾਸਪੁਰ: ਜ਼ਿਲ੍ਹੇ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਆਉਂਦੇ ਦਿਨਾਂ 'ਚ ਜ਼ਿਲ੍ਹਾ ਗੁਰਦਾਸਪੁਰ ਵਿਖੇ ਜਨਤਕ ਕਰਫ਼ਿਊ 'ਚ ਦਿੱਤੀ ਜਾ ਰਹੀ ਢਿੱਲ ਵਿੱਚ ਕੁੱਝ ਵਿਸ਼ੇਸ਼ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ।
ਗੁਰਦਾਸਪੁਰ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਵੱਲੋਂ ਆਉਂਦੇ ਦਿਨਾਂ ਦੌਰਾਨ ਨਾ ਸਿਰਫ਼ ਜ਼ਿਲ੍ਹੇ ਅੰਦਰ ਦੁਕਾਨਾਂ ਖੋਲ੍ਹਣ ਦੇ ਸਮੇਂ ਨੂੰ ਘੱਟ ਕੀਤਾ ਜਾ ਸਕਦਾ ਹੈ। ਉੱਥੇ ਹੀ ਹਾਲਾਤਾਂ ਦੀ ਨਜ਼ਾਕਤ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੇਕਲੇ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ।
ਫ਼ਿਲਹਾਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਵੇਰੇ 7 ਤੋਂ 11 ਵਜੇ ਤੱਕ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ ਪਰ ਆਉਂਦੇ ਦਿਨਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਮੇਂ ਨੂੰ ਘਟਾਏ ਜਾਣ ਦੀ ਪੂਰੀ ਸੰਭਾਵਨਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਮੁਖੀਆਂ ਨਾਲ ਬੈਠਕਾਂ ਕਰ ਕੇ ਜ਼ਿਲ੍ਹੇ ਦੇ ਮੌਜੂਦਾ ਹਲਾਤਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜਦੋਂ ਹੀ ਪੰਜਾਬ ਸਰਕਾਰ ਵੱਲੋਂ ਅਧਿਕਾਰਕ ਹੁਕਮ ਪ੍ਰਾਪਤ ਹੁੰਦੇ ਹਨ। ਉਸ ਤੋਂ ਬਾਅਦ ਜ਼ਿਲ੍ਹੇ ਅੰਦਰ ਲੋੜੀਂਦੇ ਬਦਲਾਅ ਅਮਲ ਵਿੱਚ ਲਿਆਂਦੇ ਜਾਣਗੇ।
ਇਹ ਵੀ ਪੜੋ: ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 989, ਹੁਣ ਤੱਕ 20 ਦੀ ਹੋ ਚੁੱਕੀ ਹੈ ਮੌਤ
ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਦੌਰਾਨ ਜ਼ਿਲ੍ਹੇ ਅੰਦਰ ਖੁੱਲ੍ਹਣ ਵਾਲੀਆਂ ਦੁਕਾਨਾਂ ਦੇ ਸਮੇਂ 'ਚ ਲੋੜ ਮੁਤਾਬਿਕ ਬਦਲਾਅ ਕੀਤੇ ਜਾਣਗੇ ਤਾਂ ਜੋ ਇਸ ਦੌਰਾਨ ਲੋਕਾਂ ਅੰਦਰ ਆਪਸੀ ਦੂਰੀ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਜਾਂ ਦੁਕਾਨਦਾਰ ਕੋਰੋਨਾ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਿਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਜਾਵੇਗਾ, ਉਸ ਨਾਲ ਸਖ਼ਤੀ ਵਾਲਾ ਰਵੱਈਆ ਅਖ਼ਤਿਆਰ ਕੀਤਾ ਜਾਵੇਗਾ।