ਗੁਰਦਾਸਪੁਰ: ਪੰਜਾਬ ਦੇ ਨੌਜਵਾਨਾਂ ਦੇ ਨਾਲ-ਨਾਲ ਹੁਣ ਪੰਜਾਬ ਦੀਆਂ ਧੀਆਂ ਵੀ ਨਸ਼ੇ ਦੀ ਦਲ-ਦਲ ਵਿੱਚ ਧਸਦੀਆਂ ਜਾ ਰਹੀਆਂ ਹਨ। ਜ਼ਿਆਦਾਤਰ ਸੱਭਿਆਚਾਰ ਗਰੁੱਪ ਚਲਾਉਣ ਵਾਲੀਆਂ ਡਾਂਸਰਾਂ ਨਸ਼ੇ ਦੀਆਂ ਆਦਿ ਹੋ ਰਹੀਆਂ ਹਨ।
ਗੁਰਦਾਸਪੁਰ ਦੇ ਰੈਡ ਕਰਾਸ ਨਸ਼ਾ ਛੁਡਾਉ ਕੇਂਦਰ ਵਿਖੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਨਸ਼ਾ ਛੱਡਣ ਆਈ ਇੱਕ ਡਾਂਸਰ ਨੇ ਡਾਂਸਰ ਦੇ ਪੇਸ਼ੇ ਨਾਲ-ਨਾਲ ਜੁੜੀਆਂ ਕੁੜੀਆਂ ਦੀ ਅਸਲ ਜ਼ਿੰਦਗੀ ਦੇ ਕਈ ਕੌੜੇ ਸੱਚ ਨਸ਼ਰ ਕੀਤੇ ਹਨ। ਉਸ ਦੇ ਨਾਲ ਹੀ ਇਸ ਕੁੜੀ ਨੇ ਹੋਰ ਅਨੇਕਾਂ ਕੁੜੀਆਂ ਦੀਆਂ ਦਾਸਤਾਂ ਸੁਣਾ ਕੇ ਰੌਂਗਟੇ ਖੜੇ ਕਰਨ ਵਾਲੀਆਂ ਹਕੀਕਤਾਂ ਬਿਆਨ ਕੀਤੀਆਂ ਹਨ।
ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਇਸ ਕੁੜੀ ਨੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ 'ਤੇ ਵੀ ਸਵਾਲ ਚੁੱਕੇ ਹਨ ਅਤੇ ਨਾਲ ਹੀ ਸਮਾਜ ਦੇ ਹਰ ਇੱਕ ਵਰਗ ਨੂੰ ਅਪੀਲ ਕੀਤੀ ਹੈ ਕਿ ਲੋਕ ਡਾਂਸਰ ਵੱਜੋਂ ਕੰਮ ਕਰਦੀਆਂ ਕੁੜੀਆਂ ਨੂੰ ਮਾੜੀ ਨਜ਼ਰ ਨਾਲ ਦੇਖਣ ਦੀ ਬਜਾਏ, ਉਸ ਦੀ ਮਜਬੂਰੀ ਨੂੰ ਵੇਖਣ ਦੀ ਕੋਸ਼ਿਸ਼ ਕਰਨ, ਜਿਸ ਕਾਰਨ ਉਨ੍ਹਾਂ ਨੂੰ ਡਾਂਸਰ ਦਾ ਪੇਸ਼ਾ ਅਪਣਾਉਣ ਲਈ ਮਜਬੂਰ ਹੋਣਾ ਪਿਆ ਹੈ।
ਕੁੜੀ ਨੇ ਦੱਸਿਆ ਕਿ ਉਹ 2 ਸਾਲ ਵਿੱਚ 5 ਲੱਖ ਰੁਪਏ ਦਾ ਨਸ਼ਾ ਕਰ ਚੁੱਕੀ ਹੈ ਅਤੇ ਹੁਣ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਨਸ਼ਾ ਛੱਡਣਾ ਚਾਹੁੰਦੀ ਹੈ। ਉਸ ਨੇ ਅੱਜ ਇਸ ਪੇਸ਼ੇ ਨਾਲ ਜੁੜੀ ਹਰੇਕ ਕੁੜੀ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿੰਦਗੀ ਦੀਆਂ ਮਜਬੂਰੀਆਂ ਅੱਗੇ ਹਾਰ ਮੰਨਣ ਦੀ ਬਜਾਏ ਆਤਮ ਵਿਸ਼ਵਾਸ਼ ਕਾਇਮ ਰੱਖਣ ਤੇ ਜੇਕਰ ਉਹ ਵੀ ਨਸ਼ਾ ਕਰਦੀਆਂ ਹਨ ਤਾਂ ਤੁਰੰਤ ਆਪਣਾ ਇਲਾਜ਼ ਕਰਵਾਉਣ।
ਇਹ ਵੀ ਪੜੋ:ਪੰਜਾਬ ਤੋਂ ਬਿਹਾਰ ਪੈਦਲ ਜਾ ਰਹੇ ਮਜ਼ਦੂਰਾਂ ਨੂੰ ਰੋਡਵੇਜ਼ ਬੱਸ ਨੇ ਦਰੜਿਆ, 6 ਦੀ ਹੋਈ ਮੌਤ